ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 23, 2019

ਅੱਠ ਅੱਠ ਵਰਣ ਜੇ ਹੋਣ ਦੋਹਾਂ ਚਰਣਾਂ ਚ - ਕਿਸ਼ਨ ਭਨੋਟ

ਅੱਠ ਅੱਠ ਵਰਣ ਜੇ , ਹੋਣ ਦੋਹਾਂ ਚਰਣਾਂ ਚ ,=
ਪਿੰਗਲ 'ਚ ਕਹਿੰਦੇ ਨੇ , ਕਬਿੱਤ ਏਸ ਛੰਦ ਨੂੰ।
ਸ਼ਬਦਾਂ ਨੂੰ ਬੀੜਨੇ ਦੀ , ਜਾਂਚ ਆਉਣੀ ਚਾਹੀਦੀ ਹੈ ,
ਸਿੱਖਣਾ ਹੀ ਪੈਂਦਾ ਇਉਂ , ਨਿਭਾਉਣਾ ਹਰ ਛੰਦ ਨੂੰ।
ਸਾਂਭਦਾ ਹੈ ਕਵੀ ਇੰਝ , ਕਵਿਤਾ 'ਚ ਮਾਖਿਉਂ ,
ਮਧੂ ਮੱਖੀ ਸਾਂਭਦੀ ਹੈ , ਜਿਵੇਂ ਮਕਰੰਦ ਨੂੰ।
ਨਵੀਂ ਪੀੜ੍ਹੀ ਹੁੰਦੀ ਸਦਾ , ਹਾਣੀ ਨਵੇਂ ਦੌਰ ਦੀ ਹੈ ,
ਰੋਕੀਏ ਨਾ , ਟੋਕੀਏ ਨਾ , ਬਹੁਤਾ ਫ਼ਰਜੰਦ ਨੂੰ ।
ਹੁੰਦੀ ਪਰਤੱਖ ਨੂੰ ਨਾ , ਲੋੜ ਪਰਮਾਣ ਦੀ ਹੈ ,
ਨਿਰਖਦਾ , ਪਰਖਦਾ ਹੈ , ਕੌਣ ਸਿੱਕੇਬੰਦ ਨੂੰ ।
ਨੇੜੇ ਤੇੜੇ ਓਸਦੇ ਨਾ , ਆਉਣ ਇਹ ਮੁਸੀਬਤਾਂ,
ਰਾਹ ਛੱਡ ਦੇਣ ਆਪ , ਹੌਸਲੇ ਬੁਲੰਦ ਨੂੰ ।
ਜਾਗਦੇ ਹੋਏ ਨੂੰ ਦੱਸੋ ,ਕੋਈ ਕੀ ਜਗਾਵੇ ਹੋਰ ,
ਗੱਲ ਸਮਝਾਵੇ ਭਲਾ , ਕੌਣ ਅਕ਼ਲਮੰਦ ਨੂੰ।
ਸੱਖਣਾ ਗਲਾਸ ਅੱਧਾ , ਦਿਸਦੈ ਨਿਰਾਸਿਆਂ ਨੂੰ ,
ਭਰਿਆ ਗਲਾਸ ਅੱਧਾ , ਦਿਸੇ ਆਸਵੰਦ ਨੂੰ ।
ਕਿੰਨੀ ਕੁ ਔਕਾਤ ਤੇਰੀ , ਕਿੰਨੇ ਕੁ ਤੂੰ ਚੰਦ ਚਾੜ੍ਹੇ ,
ਜਾਣਦੇ ਹਾਂ ਚੰਗੀ ਤਰ੍ਹਾਂ , ਕ੍ਰਿਸ਼ਨ ਤੈਨੂੰ ਚੰਦ ਨੂੰ ।

No comments:

Post a Comment