ਵੇ ਪੁੱਤ ਕਰਮਜੀਤ, ਤੇਰਾ ਰੋਟੀ ਵਾਲਾ ਡੱਬਾ ਕੰਦੋਲੀ ਉੱਤੇ ਰੱਖ ਦਿੱਤਾ ਮੈਂ। ਚੇਤੇ ਨਾਲ ਲੈ ਜਾਵੀਂ। ਨਾਲੇ ਮੋਟਰ ਸੈਕਲ ਹੌਲੀ ਚਲਾਇਆ ਕਰ ਪੁੱਤ। ਭੱਠੇ ਉੱਤੇ ਟੈਮ ਨਾਲ ਚਲਾ ਜਾਈਂ। ਮੋਟਰਸਾਈਕਲ ਸਾਫ ਕਰ ਰਹੇ ਪੁੱਤ ਨੂੰ ਇੱਕੋ ਸਾਹੇ ਰਾਣੀ ਨੇ ਕਈ ਸੁਆਲ ਕਰ ਦਿੱਤੇ।
ਬਲਜੀਤ ਪੁੱਤ ਤੇਰਾ ਪਾਣੀ ਦਾ ਘੜਾ ਵੀ ਮੈਂ ਭਰ ਦਿੱਤਾ । ਕਰਮਜੀਤ ਦੇ ਜਾਣ ਤੋਂ ਬਾਅਦ ਬੂਹਾ ਭੇੜ ਲਵੀਂ। ਅੱਜ ਕੱਲ੍ਹ ਦਿਨ ਦਿਹਾੜੇ ਹੀ ਚੋਰੀਆਂ ਹੋ ਜਾਂਦੀਆਂ ਨੇ। ਰਾਣੀ ਸਿਰ ਉੱਤੇ ਰੋਟੀਆਂ ਵਾਲਾ ਛਾਬਾ ਅਤੇ ਲੱਸੀ ਵਾਲਾ ਡੋਲੂ ਫੜ ਕੇ ਛੇਤੀ ਛੇਤੀ ਖੇਤਾਂ ਵੱਲ ਨੂੰ ਚੱਲ ਪਈ। ਉਹ ਸੋਚਦੀ ਜਾ ਰਹੀ ਸੀ ਕਿ ਝੋਨੇ ਦੀ ਲਾਬੀ ਦੇ ਪੈਸੇ ਮਿਲਣ ਤੇ ਬਲਜੀਤ ਨੂੰ ਪੰਜੀਰੀ ਬਣਾ ਕੇ ਦੇਵੇਗੀ। ਧੀ ਦਾ ਪਹਿਲਾ ਜਣੇਪਾ ਸੀ ਅਤੇ ਥੋੜੇ ਦਿਨ ਪਹਿਲਾਂ ਹੀ ਰਾਣੀ ਬਲਜੀਤ ਨੂੰ ਵਿਦਾ ਕਰਵਾ ਕੇ ਲਿਆਈ ਸੀ।
ਰਾਣੀ ਦਾ ਪੁੱਤ ਕਰਮਜੀਤ ਘਰ ਦੀ ਗਰੀਬੀ ਕਾਰਨ ਦਸਵੀਂ ਤੋਂ ਬਾਅਦ ਪੜ੍ਹ ਨਹੀਂ ਸੀ ਸਕਿਆ ਅਤੇ ਭੱਠੇ ਉੱਤੇ ਕੰਮ ਕਰਨ ਲੱਗ ਪਿਆ ਸੀ।
ਰਾਣੀ ਦੀ ਛੋਟੀ ਬੇਟੀ ਪ੍ਰੀਤ ਨੇ ਇਸ ਸਾਲ ਵਧੀਆ ਨੰਬਰਾਂ ਨਾਲ ਬਾਹਰਵੀਂ ਪਾਸ ਕੀਤੀ ਸੀ ਅਤੇ ਉਹ ਕਾਲਜ ਜਾਣਾ ਚਾਹੁੰਦੀ ਸੀ। ਝੋਨਾ ਲੱਗਣ ਤੋਂ ਬਾਅਦ ਉਸ ਨੇ ਕਾਲਜ ਵਿੱਚ ਦਾਖਲਾ ਲੈਣਾ ਸੀ। ਰਾਣੀ ਦਾ ਘਰਵਾਲਾ ਗੁਰਤਾਪ ਅਤੇ ਧੀ ਪ੍ਰੀਤ ਸਵੇਰੇ ਛੇ ਵਜੇ ਦੇ ਹੀ ਪਨੀਰੀ ਪੁੱਟਣ ਗਏ ਸੀ। ਉਨ੍ਹਾਂ ਨੇ ਝੋਨਾ ਲਾਉਣ ਲਈ ਚਾਰ ਪੰਜ ਘਰ ਇਕੱਠੇ ਹੋਕੇ ਸੋਲਾਂ ਸਤਾਰਾਂ ਜੀਆਂ ਦੀ ਟੋਲੀ ਬਣਾਈ ਸੀ। ਇਸ ਤਰ੍ਹਾਂ ਏਕੇ ਨਾਲ ਕੰਮ ਵੀ ਜਿਆਦਾ ਨਿਬੜਦਾ ਹੈ ਅਤੇ ਹਸਦੇ ਹਸਾਉਂਦੇ ਥਕਾਵਟ ਵੀ ਘੱਟ ਮਹਿਸੂਸ ਹੁੰਦੀ ਐ। ਸਾਰੇ ਘਰ ਰੋਟੀ ਵਾਸਤੇ ਇੱਕ ਇੱਕ ਸੁਆਣੀ ਨੂੰ ਛੱਡ ਕੇ ਠੰਡੇ ਠੰਡੇ ਪਨੀਰੀ ਪੁੱਟਣ ਵਾਸਤੇ ਚਲੇ ਜਾਂਦੇ ਸੀ ਅਤੇ ਸੁਆਣੀਆਂ ਦੇ ਰੋਟੀ ਲੈ ਕੇ ਆਉਣ ਤੋਂ ਬਾਅਦ ਝੋਨਾ ਲਾਉਣ ਲੱਗ ਪੈਂਦੇ ਸੀ।
ਰਾਣੀ ਸੋਚਦੀ ਜਾ ਰਹੀ ਸੀ ਕਿ ਗਰਮੀ ਤਾਂ ਸਵੇਰੇ ਸਵੇਰੇ ਹੀ ਬਹੁਤ ਐ ਤੇ ਤਿੱਖੜ ਦੁਪਹਿਰੇ ਕੀ ਹਾਲ ਹੋਊਗਾ।
ਹਾਹਾਹਾ। ਹਾਹਾਹਾ।
ਸਕੂਲ ਦੇ ਗਰਾਊਂਡ ਵਿਚੋਂ ਅਚਾਨਕ ਆਈ ਹੱਸਣ ਦੀ ਆਵਾਜ਼ ਨੇ ਉਸ ਦੀਆਂ ਸੋਚਾਂ ਦੇ ਜਹਾਜ਼ ਨੂੰ ਧਰਤੀ ਉੱਤੇ ਲੈ ਆਂਦਾ। ਉਸ ਨੇ ਦੇਖਿਆ ਕਿ ਪੰਜਾਹ ਸੱਠ ਜਣੇ ਗਰਾਉਂਡ ਵਿੱਚ ਯੋਗਾ ਕਰਦੇ ਪਏ ਸੀ ਅਤੇ ਇੱਕ ਦੋ ਫੋਟੋਆਂ ਖਿੱਚ ਰਹੇ ਸੀ। ਫਿਰ ਉਸ ਨੂੰ ਯਾਦ ਆਇਆ ਕਿ ਕੱਲ੍ਹ ਪ੍ਰੀਤ ਦੀ ਮੈਡਮ ਨੇ ਫੂਨ ਕੀਤਾ ਸੀ ਕਿ ਯੋਗਾ ਕਰਨ ਵਾਸਤੇ ਪ੍ਰੀਤ ਨੂੰ ਸੱਤ ਵਜੇ ਸਕੂਲ ਭੇਜਣਾ ।
ਮੈਂ ਹੱਸਦੇ ਹੱਸਦੇ ਕਹਿ ਦਿੱਤਾ ਕਿ ਮੈਡਮ ਜੀ । ਸਾਡਾ ਗਰੀਬਾਂ ਦਾ ਯੋਗਾ ਤਾਂ ਸਵੇਰੇ ਚਾਰ ਵਜੇ ਸ਼ੁਰੂ ਹੋ ਜਾਂਦਾ ਅਤੇ ਰਾਤ ਦਾ ਤਾਂ ਕੋਈ ਪਤਾ ਹੀ ਨਹੀਂ ਕਿ ਦਸ ਵਜਣ ਕਿ ਗਿਆਰਾਂ।
ਇਸੇ ਤਰ੍ਹਾਂ ਸੋਚਾਂ ਦੇ ਤੰਦ ਕੱਤਦੀ ਰਾਣੀ ਰੋਟੀ ਲੈਕੇ ਪਨੀਰੀ ਪੁੱਟਣ ਵਾਲਿਆਂ ਕੋਲ ਪਹੁੰਚ ਗਈ ਅਤੇ ਰੋਟੀ ਖਾਣ ਮਗਰੋਂ ਝੋਨਾ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਹੁਣ ਢਾਈ ਕੁ ਦਾ ਟਾਈਮ ਹੋਣੈ। ਸੂਰਜ ਸਿੱਧਾ ਸਿਰ ਉੱਤੇ ਹਮਲਾ ਕਰ ਰਿਹਾ ਸੀ। ਗੁਰਤਾਪ ਨੇ ਸਾਰਿਆਂ ਨੂੰ ਹੱਥਾਂ ਵਿਚਲੀ ਗੁੱਟੀ ਮੁਕਾ ਕੇ ਬਾਹਰ ਛਾਂਵੇਂ ਆਉਣ ਲਈ ਕਹਿ ਦਿੱਤਾ। ਕੋਲੋਂ ਝੋਨੇ ਦੇ ਮਾਲਕ ਸਰਦਾਰ ਰੇਸ਼ਮ ਸਿੰਘ ਨੇ ਵੀ ਸਾਰਿਆਂ ਨੂੰ ਥੋੜ੍ਹਾ ਆਰਾਮ ਕਰਨ ਲਈ ਕਹਿ ਦਿੱਤਾ ਭਾਵੇਂ ਉਹ ਦਿਲੋਂ ਚਾਹੁੰਦਾ ਸੀ ਕਿ ਅੱਜ ਕੰਮ ਖਤਮ ਹੋ ਜਾਵੇ ਤਾਂ ਚੰਗਾ ਹੋਵੇਗਾ।
ਛਾਂ ਦੇ ਨਾਂ ਉੱਤੇ ਸਿਰਫ ਇੱਕ ਤੂਤ ਦਾ ਛੋਟਾ ਜਿਹਾ ਦਰੱਖਤ ਸੀ। ਬਾਕੀ ਰੁੱਖ ਰੇਸ਼ਮ ਸਿੰਘ ਨੇ ਪਟਵਾ ਦਿੱਤੇ ਸਨ। ਉਸ ਦਾ ਮੰਨਣਾ ਸੀ ਕਿ ਪੰਛੀ ਰੁੱਖਾਂ ਉੱਤੇ ਆਲਣੇ ਪਾ ਲੈਂਦੇ ਹਨ ਅਤੇ ਫਸਲ ਦਾ ਨੁਕਸਾਨ ਕਰਦੇ ਹਨ। ਤੂਤ ਉਸ ਨੇ ਸਿਰਫ਼ ਟੋਕਰੇ ਬਣਾਉਣ ਲਈ ਹੀ ਰੱਖਿਆ ਸੀ। ਉਸ ਦੇ ਥੱਲੇ ਸਾਰਿਆਂ ਦਾ ਬੈਠਣਾ ਵੀ ਔਖਾ ਸੀ। ਪਰ ਮਜਬੂਰੀ ਸੀ।
ਭਾਊ। ਸ਼ਾਮ ਨੂੰ ਮੋਟਰ ਚਲਾ ਕੇ ਜੇ ਕਿਤੇ ਇੱਕ ਘੰਟਾ ਪਾਣੀ ਕੱਦੂ ਵਿੱਚ ਛੱਡ ਦੇਵੇਂ ਤਾਂ ਕੰਮ ਦੁੱਗਣਾ ਹੋ ਜਾਊ। ਗੁਰਤਾਪ ਨੇ ਤੂਤ ਦੇ ਮੁੱਢ ਨਾਲ ਬੈਠਦੇ ਹੋਏ ਰੇਸ਼ਮ ਸਿੰਘ ਨੂੰ ਕਿਹਾ।
ਕੋਈ ਗੱਲ ਨਹੀਂ । ਜੇ ਬੱਤੀ ਆ ਗਈ ਤਾਂ ਬੰਬੀ ਚਲਾ ਦੇਵਾਂਗੇ। ਰੇਸ਼ਮ ਸਿੰਘ ਨੇ ਮੱਥੇ ਤੋਂ ਪਸੀਨਾ ਪੂੰਝਦੇ ਹੋਏ ਕਿਹਾ।
ਆਹ ਬਈਏ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਨੇ। ਨਾ ਇਹ ਥੱਕਣ, ਨਾ ਇਹ ਅੱਕਣ। ਨਾ ਇਹ ਪੈਸਿਆਂ ਪਿੱਛੇ ਕੋਈ ਅੜੀ ਕਰਨ। ਬੱਸ ਇੱਕ ਵਾਰ ਪਾਣੀ ਵਿੱਚ ਵੜਨ ਤੋਂ ਬਾਅਦ ਕੰਮ ਖਤਮ ਕਰ ਕੇ ਹੀ ਬਾਹਰ ਆਉਂਦੇ ਨੇ। ਰੇਸ਼ਮ ਸਿੰਘ ਨੇ ਮਨ ਦੀ ਸਥਿਤੀ ਪ੍ਰਗਟ ਕੀਤੀ।
ਸਹੀ ਗੱਲ ਐ ਭਾਊ। ਪਿਛਲੇ ਸਾਲ ਅੰਗਰੇਜ ਨੇ ਬਈਆਂ ਤੋਂ ਝੋਨਾ ਲਵਾਇਆ ਸੀ। ਸ਼ਾਮ ਨੂੰ ਹੀ ਅੱਧੇ ਅੰਗੂਰ ਤਰਨ ਲੱਗ ਪਏ। ਨਾਲੇ ਭਈਆਂ ਨੇ ਇੱਕ ਇੱਕ ਫੁੱਟ ਉੱਤੇ ਤੀਲਾ ਲਾਇਆ।
ਜਿਵੇਂ ਕਹਿੰਦੇ ਨੇ ਨਾ, ਦੂਰ ਦੇ ਢੋਲ ਸੁਹਾਵਣੇ । ਅਗਲੇ ਦਿਨ ਅੰਗਰੇਜ ਢਿੱਲਾ ਜਿਹਾ ਮੂੰਹ ਬਣਾ ਕੇ ਆਪ ਤੀਲੇ ਲਾਉਣ ਲੱਗਾ ਰਿਹਾ। ਬਈਏ ਹੁਣ ਪਹਿਲਾਂ ਵਾਲੇ ਨਹੀਂ ਰਹੇ ਭਾਊ। ਜਿਮੀਂਦਾਰਾਂ ਦੇ ਗਲ ਪੈਣ ਤੱਕ ਜਾਂਦੇ ਨੇ। ਗੁਰਤਾਪ ਨੇ ਆਪਣੇ ਅਤੇ ਬਈਆਂ ਦੇ ਕੰਮ ਦੇ ਅੰਤਰ ਨੂੰ ਸਮਝਾਉਣ ਦੇ ਮਨਸੂਬੇ ਨਾਲ ਉੱਤਰ ਦਿੱਤਾ। ਜਿੱਦਣ ਕਿਤੇ ਭੀੜ ਬਣੀ ਤਾਂ ਆਪਾਂ ਹੀ ਇੱਕ ਦੂਜੇ ਦੇ ਗਲ ਲੱਗ ਕੇ ਰੋਣਾ ਏ ਭਾਊ। ਗੁਰਤਾਪ ਨੇ ਅਪਣੱਤ ਭਰੇ ਲਹਿਜੇ ਨਾਲ ਰੇਸ਼ਮ ਸਿੰਘ ਨੂੰ ਗੁੱਝੀ ਰਮਜ ਮਾਰੀ। ਕਈ ਸਾਲ ਪਹਿਲਾਂ ਗੁਰਤਾਪ ਨੇ ਰੇਸ਼ਮ ਸਿੰਘ ਦੀ ਖਾਤਰ ਆਪਣੀ ਜਿੰਦਗੀ ਵੀ ਦਾਅ ਉੱਤੇ ਲਗਾ ਦਿੱਤੀ ਸੀ।
ਹਾਂ ਬਈ । ਗੱਲ ਤਾਂ ਤੇਰੀ ਠੀਕ ਐ। ਸ਼ਾਮ ਨੂੰ ਆਵੀਂ ਅੱਜ । ਤੇਰੇ ਨਾਲ ਕਈ ਗੱਲਾਂ ਕਰਨੀਆਂ ਨੇ। ਰੇਸ਼ਮ ਸਿੰਘ ਗੁਰਤਾਪ ਨੂੰ ਤਾਕੀਦ ਕਰਕੇ ਮੋਟਰਸਾਈਕਲ ਸਟਾਰਟ ਕਰਨ ਲੱਗ ਪਿਆ।
No comments:
Post a Comment