ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, August 21, 2019

ਕੁਤਰ ਕੇ ਖੰਭ ਹਸਦੈ ਫੇਰ ਅੰਬਰ ਵੱਲ ਉਡਾ ਦਿੰਦੈ - ਗੁਰਦੀਪ ਭਾਟੀਆ

ਕੁਤਰ ਕੇ ਖੰਭ ਹਸਦੈ, ਫੇਰ ਅੰਬਰ ਵੱਲ ਉਡਾ ਦਿੰਦੈ
ਉਹ ਪੰਛੀ ਨੂੰ ਉਡਾਰੂ ਹੋਣ ਦੀ ਕੈਸੀ ਸਜ਼ਾ ਦਿੰਦੈ।
ਮੈਂ ਕੁਲ ਦੁਨੀਆਂ 'ਤੇ ਹਾਕਮ ਦੀ, ਇਹੀ ਪਹਿਚਾਣ ਵੇਖੀ ਹੈ,
ਹਕੂਮਤ ਵਾਸਤੇ ਬੱਚੇ ਵੀ ਨੀਹਾਂ ਵਿਚ ਚਿਣਾ ਦਿੰਦੈ।
ਕਿਸੇ ਡਾਢੇ ਦੀ ਹੱਦ ਅੰਦਰ ਕਿਵੇਂ ਬਚਣੈ ਕਰੋਪੀ ਤੋਂ,
ਸਮਾਂ ਕਮਜ਼ੋਰ ਨੂੰ ਵੱਲ ਏਸ ਦਾ, ਆਪੇ ਸਿਖਾ ਦਿੰਦੈ।
ਜਦੋਂ ਅਪਣੇ 'ਤੇ ਹੋਣੀ ਵਰਤਦੀ ਹੈ, ਤੜਫਦੈ ਕਾਹਤੋਂ?
ਨਸੀਬਾਂ ਦੀ ਲਿਖੀ ਕਹਿ ਕੇ ਜੋ ਸਾਨੂੰ ਹੌਸਲਾ ਦਿੰਦੈ।
ਜੋ ਹੋਰਾਂ ਵਾਸਤੇ ਜੀਂਦੈ, ਸਲਾਹਾਂ ਵਿੱਚ ਨਹੀਂ ਪੈਂਦਾ,
ਜਦੋਂ ਮੌਕਾ ਮਿਲੇ ਉਹ ਆਪਣਾ ਸਭ ਕੁਝ ਲੁਟਾ ਦਿੰਦੈ।
ਕਦੋਂ 'ਅਪਣੇ ਬਿਗਾਨੇ' ਦੇਖਦੇ ਨੇ 'ਅੱਗ ਦੇ ਭਾਂਬੜ',
ਪਤਾ ਹੈ ਜੇ, ਉਹ ਧੁਖਦੀ ਅੱਗ ਨੂੰ ਕਾਹਤੋਂ ਹਵਾ ਦਿੰਦੈ?
ਜੋ ਜੀਣਾ ਲੋਚਦੈ ਉਹ ਹਸ਼ਰ ਦੀ ਪ੍ਰਵਾਹ ਨਹੀਂ ਕਰਦਾ,
ਤਲੀ 'ਤੇ ਜਾਨ ਰਖਦੈ ਉਹ ਤੇ ਡਰਦਾ ਸਿਰ ਝੁਕਾ ਦਿੰਦੈ।
ਹੁਣ ਉਹਦਾ ਜ਼ੋਰ ਚੱਲਦਾ ਹੈ ਮਿਰੇ 'ਤੇ ਬੱਸ ਏਨਾ ਹੀ,
ਕਿ ਲਿਖਦੈ ਨਾਂ ਮਿਰਾ ਆਪੇ ਤੇ ਆਪੇ ਹੀ ਮਿਟਾ ਦਿੰਦੈ।
ਉਹ ਨਸ਼ਿਆਂ ਦਾ ਵਿਰੋਧੀ ਹੈ ਤਾਂ ਕਿਉਂ ਮਹਿਬੂਬ ਨੂੰ ਕਹਿੰਦੈ?
ਤਿਰਾ ਤੱਕਣਾ, ਤਿਰਾ ਹਸਣਾ, ਮਿਰੇ ਦਿਲ ਨੂੰ ਨਸ਼ਾ ਦਿੰਦੈ।
ਕਿਵੇਂ ਰੜਕੇ ਨ ਤੇਰਾ 'ਦੀਪ' ਵੀ ਨ੍ਹੇਰੇ ਦੀ ਅੱਖ ਅੰਦਰ,
ਕਿ ਜਿੱਥੇ ਦੇਖਦੈ ਨ੍ਹੇਰਾ, ਪਟੱਕ ਦੀਵਾ ਜਗਾ ਦਿੰਦੈ।
--------------------------------------------- ਗੁਰਦੀਪ ਭਾਟੀਆ

No comments:

Post a Comment