ਮੈਂ ਧਰਤ ਹਾਂ ਤੇਰੇ ਦਿਲ ਦੀ ਤੈਨੂੰ ਅੱਜ ਵੀ ਵਾਜਾਂ ਮਾਰਾਂ
ਕਿਉਂ ਛੱਡ ਕੇ ਕੱਲੀ ਟੁਰ ਗਿਓਂ ਮੈਨੂੰ ਸੱਜਣਾ ਵਿੱਚ ਉਜਾੜਾਂ
ਤੈਨੂੰ ਰੱਬ ਦੇ ਵਾਗੂੰ ਪੂਜਿਆ ਤੇਰੀ ਹਰਦਮ ਮੰਗੀ ਖੈਰ
ਸਾਨੂੰ ਲੁੱਟਿਆ ਤੇਰੇ ਝੂਠਿਆਂ ਵੇ ਕੀਤੇ ਕੌਲ ਕਰਾਰਾਂ
ਅਸੀਂ ਅੱਜ ਵੀ ਸਾਂਭ ਕੇ ਰੱਖੇ ਨੇਂ ਤੇਰੀ ਯਾਦਾਂ ਦੇ ਸਰਮਾਏ
ਉਹ ਦੀਵੇ ਬਾਲ ਕੇ ਰੱਖੇ ਨੇਂ ਜੋ ਦਿਲ ਦੇ ਵਿੱਚ ਜਗਾਏ
ਰੁੱਤ ਕਿੱਥੋ ਲੱਭ ਲਿਆਵਾਂ ਜੋ ਮਨ ਤੇਰੇ ਨੂੰ ਭਾਏ
ਇੱਕ ਨਾਗ ਗਮਾਂ ਦਾ ਰਾਤਾਂ ਨੂੰ ਮੇਰੇ ਖਾਬਾਂ ਨੂੰ ਡੰਗ ਜਾਏ
ਸਾਡੇ ਅੱਜ ਵੀ ਬੂਹੇ ਖੁੱਲੇ ਨੇਂ ਕਿਤੇ ਮੁੜ ਕੇ ਆਉਣ ਬਹਾਰਾਂ
ਮੈਂ ਧਰਤ ਹਾਂ ਤੇਰੇ ਦਿਲ ਦੀ ਤੈਨੂੰ ਅੱਜ ਵੀ ਵਾਜਾਂ ਮਾਰਾਂ
ਕਿਉਂ ਛੱਡ ਕੇ ਕੱਲੀ ਟੁਰ ਗਿਓਂ ਮੈਨੂੰ ਸੱਜਣਾ ਵਿੱਚ ਉਜਾੜਾਂ
ਖੌਰੇ ਕਿਉਂ ਡਾਢੇ ਨੇ ਠੋਕ ਦਿੱਤੀ ਮੇਰੀ ਕਿਸਮਤ ਦੇ ਵਿੱਚ ਮੇਖ
ਮੈਂ ਥੋਹਰ ਵੇ ਹਾਂ ਕੰਡਿਆਲੀ ਮੇਰੇ ਉੱਜੜੇ ਪੁੱਜੜੇ ਲੇਖ
ਮੇਰੇ ਤਨ ਤੇ ਕੰਡੇ ਹਿਜਰਾਂ ਦੇ ਕਿਤੇ ਆ ਕੇ ਸੱਜਣਾਂ ਵੇਖ
ਤੇਰੇ ਦਰ ਤੇ ਖੜੀ ਹਾਂ ਅਜਲਾਂ ਤੋਂ ਮੇਰੀ ਝੋਲੀ ਪਾ ਦੇ ਭੇਖ
ਮੈਂ ਆਪਣਾ ਇਕ ਇਕ ਪੱਲ ਵੇ ਤੇਰੀ ਯਾਦ ਦੇ ਵਿੱਚ ਗੁਜਾਰਾਂ
ਮੈਂ ਧਰਤ ਹਾਂ ਤੇਰੇ ਦਿਲ ਦੀ ਤੈਨੂੰ ਅੱਜ ਵੀ ਵਾਜਾਂ ਮਾਰਾਂ
ਕਿਉਂ ਛੱਡ ਕੇ ਕੱਲੀ ਟੁਰ ਗਿਓਂ ਮੈਨੂੰ ਸੱਜਣਾ ਵਿੱਚ ਉਜਾੜਾਂ
ਅੱਜ ਵੀ ਤੱਕਦੀ ਰਹਿੰਨੀ ਹਰਦਮ ਮੁੜ ਮੁੜ ਤੇਰੀਆਂ ਰਾਹਵਾਂ
ਮੈਂ ਤਾਂ ਤੇਰੇ ਨਾਲ ਤੁਰੀ ਸਾਂ ਬਣ ਤੇਰਾ ਪ੍ਰਛਾਵਾਂ
ਰਣਬੀਰ ਸਿਆਂ ਮੈ ਗਮ ਤੇਰੇ ਵਿੱਚ ਗੀਤ ਹਿਜ਼ਰ ਦੇ ਗਾਵਾਂ
ਤੇਰੇ ਬਾਝੋਂ ਹੋਰ ਮੈਂ ਕਿਹਨੂੰ ਦਿਲ ਦਾ ਹਾਲ ਸੁਣਾਵਾਂ
ਕਿਤੇ ਆ ਕੇ ਲੈ ਜਾ ਰਾਝਣਾਂ ਵੇ ਹੀਰ ਆਪਣੀ ਦੀਆਂ ਸਾਰਾਂ
ਮੈਂ ਧਰਤ ਹਾਂ ਤੇਰੇ ਦਿਲ ਦੀ ਤੈਨੂੰ ਅੱਜ ਵੀ ਵਾਜਾਂ ਮਾਰਾਂ
ਕਿਉਂ ਛੱਡ ਕੇ ਕੱਲੀ ਟੁਰ ਗਿਓਂ ਮੈਨੂੰ ਸੱਜਣਾ ਵਿੱਚ ਉਜਾੜਾਂ
ਤੈਨੂੰ ਰੱਬ ਦੇ ਵਾਗੂੰ ਪੂਜਿਆ ਤੇਰੀ ਹਰਦਮ ਮੰਗੀ ਖੈਰ
ਸਾਨੂੰ ਲੁੱਟਿਆ ਤੇਰੇ ਝੂਠਿਆਂ ਵੇ ਕੀਤੇ ਕੌਲ ਕਰਾਰਾਂ
....ਰਣਬੀਰ ਬਡਵਾਲ
No comments:
Post a Comment