ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, August 24, 2019

ਇਹ ਖਾਲਸਾ ਹੈ - ਕੁਲਜੀਤ ਕੌਰ ਗ਼ਜ਼ਲ (ਆਸਟ੍ਰੇਲੀਆ)


ਇਹ ਖਾਲਸਾ ਹੈ
ਖਾਲਸਾ ਰਹਿਣੀ- ਬਹਿਣੀ
ਕਹਿਣੀ- ਕਰਨੀ ਦਾ ਮਾਲਕ
ਇਹ ਖਾਲਸਾ..........
ਸ਼ੁਭਕਰਮਾਂ ਲਈ ਸਾਜਿਆ ਗਿਆ
ਕੁਦਰਤੀ ਆਫ਼ਤਾਂ ਅੱਗੇ ਵੀ
ਆਫ਼ਤ ਬਣ ਖਲੋਂਦਾ.....
ਡਿਗਦੇ- ਢਹਿੰਦੇ
ਟੁੱਟਦੇ- ਭੱਜਦੇ
ਤੇ
ਡੁੱਬਦੇ ਤੇ ਰੁੜਦੇ ਨੂੰ
ਜ਼ਿੰਦਗੀ ਵੱਲ
ਖਿੱਚ ਲਿਆਉਣ ਦਾ ਜੋਸ਼,
ਜਜ਼ਬਾ, ਹੌਸਲਾਂ
ਤੇ ਤਾਕਤ ਰੱਖਦਾ
ਇਹ ਖਾਲਸਾ ............
ਦਸਾਂ ਨਹੁੰਆਂ ਦੀ ਕਿਰਤ ਕਰਦਾ
ਘੱਟ ਖਾਂਦਾ
ਵੰਡ ਛਕਦਾ
ਜਦੋਂ ਖਾਲਸੇ ਨਾਲ ਖਾਲਸਾ ਰਲਦਾ
ਕਦੇ ਨਾ ਥੁੜਨ ਵਾਲੇ ਭੰਡਾਰੇ
ਨੱਕੋ-ਨੱਕ ਭਰਦੇ....
ਖਾਲਸਾ ਵੰਡਣ ਤੁਰਦਾ
ਪ੍ਰਵਾਹ ਨਾ ਕਰਦਾ .....
ਰਾਹ ਆਉਂਦੇ ਕੰਡਿਆਂ,
ਸੂਲਾਂ,
ਟੋਇਆਂ,
ਟਿੱਬਿਆਂ,
ਹਨੇਰੀਆਂ ਤੇ ਝੱਖੜਾਂ ਦੀ
ਇਹ ਖਾਲਸਾ ..............
ਲਾਚਾਰ ਤੇ ਬੇਵੱਸ
ਮਨੁੱਖਤਾ ਨੂੰ
ਮੁੱਠਾਂ ਭਰ- ਭਰ ਵੰਡਦਾ
ਵੰਡਣ ਲੱਗਿਆਂ ਹਰ ਪਾਸੇ
ਖਾਲਸਾ ਹੀ ਖਾਲਸਾ ਨਜਰ ਆਉਂਦਾ ....
ਆਪਣੇ-ਪਰਾਏ ਵਾਲੇ ਭੇਦ ਮੁੱਕਦੇ
ਨਾ ਵੈਰ
ਨਾ ਈਰਖਾ
ਨਾ ਕੋਈ ਸਾੜਾ ਰਹਿੰਦਾ
ਸੇਵਾ ਤੇ ਸਮਰਪਣ ਹੀ
ਇਸਦਾ ਧਰਮ ਹੋ ਜਾਂਦਾ
ਇਹ ਖਾਲਸਾ ............
ਉੱਥੇ ਪਹੁੰਚ ਜਾਂਦਾ
ਜਿੱਥੇ ਕਿਸੇ ਦੀ ਸੋਚ ਨਾ ਪਹੁੰਚੇ
ਜਾਨ ਤੇ ਖੇਡਦਾ
ਡੁੱਬਦੇ ਨੂੰ ਤਾਰਨ ਲਈ
ਬੇੜੀ ਬਣ ਜਾਂਦਾ
ਮਜਲੂਮਾਂ ਦੀ ਰਾਖੀ ਖਾਤਰ
ਕਦੇ
ਤਲਵਾਰ ਬਣ ਜਾਂਦਾ
ਕਦੇ
ਢਾਲ ਬਣ ਜਾਂਦਾ
ਧੁੱਪੇ ਸੜਦਿਆਂ ਲਈ
ਛਾਂ ਬਣ ਜਾਂਦਾ
ਤੇ
ਮਾਂ- ਮਿਹਟਰਾਂ ਲਈ
ਮਾਂ ਬਣ ਜਾਂਦਾ
ਇਹ ਖਾਲਸਾ ............
ਜਦ ਤੱਕ ਹੈ
ਇਨਸਾਨੀਅਤ ਰਹੇਗੀ
ਮਨੁੱਖਤਾ ਰਹੇਗੀ
ਧਰਤੀ ਰਹੇਗੀ
ਅੰਬਰ ਰਹੇਗਾ
ਹਵਾ
ਪਾਣੀ
ਤੇ
ਜ਼ਿੰਦਗੀ ਰਹੇਗੀ
ਇਹ ਪਿਆਰਾ ਤੇ ਨਿਆਰਾ ਖਾਲਸਾ .........
ਰੱਬ ਦਾ ਰੂਪ
ਬੇਸਹਾਰਿਆਂ ਦਾ ਸਹਾਰਾ
ਅਜਿੱਤ ਰਹੇ
ਅਖੰਡ ਰਹੇ
ਅਮਰ ਰਹੇ
ਅਟਲ ਰਹੇ
ਜ਼ਿੰਦਾਬਾਦ ਰਹੇ

No comments:

Post a Comment