ਮਾਂ ਅਟੈਚੀ ਵਿਚ ਕਪੜੇ ਪਾਉਣ ਲੱਗੀ
ਮੇਰੀ ਪਰਦੇਸ ਤਿਆਰੀ ਹੋਣ ਲੱਗੀ
ਅੱਥਰੂ ਨਾ ਦਿਸਣ ਮਾਂ ਮੂੰਹ ਲੁਕਾਵੇ
ਤੈਹਵਾਂ ਲਾਵੇ ਤੇ ਕਦੇ ਢਾਵੇ
ਗੱਲਾਂ ਦੇ ਵਿਚ ਮਨ ਸੀ ਲਾਵੇ
ਨਲਕੇ ਤੇ ਅੱਖੀਆ ਧੋਣ ਲੱਗੀ
ਮੈਥੋਂ ਅੱਥਰੂ ਲੁਕਾਉਣ ਲੱਗੀ
ਮੇਰੀ ਪਰਦੇਸ ਤਿਆਰੀ ਹੋਣ ਲੱਗੀ
ਮੈਨੂੰ ਤੂੰ ਰੋਜ ਹੀ ਫੂਨ ਮਿਲਾਵੀਂ
ਰੋਟੀ ਬੇਟਾ ਟਾਇਮ ਨਾਲ ਖਾਂਵੀ
ਮਾਂ ਨੂੰ ਕਿਧਰੇ ਤੂੰ ਭੁੱਲ ਨਾ ਜਾਵੀਂ
ਮੈਨੂੰ ਉਹ ਸਮਝਾਉਣ ਲੱਗੀ
ਗੱਲਾਂ ਕਰਦੀ ਰੋਣ ਲੱਗੀ
ਮੇਰੀ ਪਰਦੇਸ ਤਿਆਰੀ ਹੋਣ ਲੱਗੀ
ਰਾਤ ਦਾ ਬਾਪੂ ਕੁੱਝ ਨਾ ਖਾਵੇ
ਨਾ ਅੱਜ ਘੂਰੇ ਨਾ ਦਬਕਾਵੇ
ਮੋਟਰ ਤੋਂ ਕਿਉਂ ਘਰ ਨਾ ਆਵੇ
ਵਿਕੇ ਖੇਤ ਦੀ ਮਿਣਤੀ ਹੋਣ ਲਗੀ
ਪੰਚਾਇਤ ਪਰਨੋਟ ਤੇ ਗੂਠੇ ਲਾਉਣ ਲਗੀ
ਮੇਰੀ ਪਰਦੇਸ ਤਿਆਰੀ ਹੋਣ ਲੱਗੀ
ਵੀਰਾ ਭਾਵੇ ਕੁੱਝ ਨਾ ਲਿਆਵੀਂ
ਮੇਰੇ ਵਿਆਹ ਤੱਕ ਤੂੰ ਮੁੜ ਆਵੀਂ
ਅਪਣੇ ਹੱਥੀ ਮੈੰਨੂੰ ਡੋਲੀ ਪਾਂਵੀ
ਭੈਣ ਸੀ ਮਨ ਡੁਲਾਉਣ ਲੱਗੀ
ਮੇਰੀ ਜੇਬ ਚ ਰੱਖੜੀ ਪਾਉਣ ਲੱਗੀ
ਮੇਰੀ ਪਰਦੇਸ ਤਿਆਰੀ ਹੋਣ ਲੱਗੀ
ਰੂਹ ਮੇਰੀ ਨੂੰ ਘਰ ਨੇ ਫੜਿਆ
ਬੁੱਤ ਸੰਧੂ ਪਰਦੇਸ ਆ ਵੜਿਆ
ਕਿਸੇ ਨਾ ਮੇਰੇ ਮਨ ਨੂੰ ਪੜਿਆ
ਜਿੰਦਗੀ ਡੰਗ ਟਪਾਉਣ ਲੱਗੀ
ਯਾਦਾਂ ਦੀ ਨੇਰੀ ਆਉਣ ਲੱਗੀ
ਮੇਰੀ ਪ੍ਰਦੇਸ ਤਿਆਰੀ ਹੋਣ ਲੱਗੀ
/////////// ਬਲਜੀਤ ਸੰਧੂ
No comments:
Post a Comment