ਕਿ ਐਵੇਂ ਨਾ ਮੇਰੇ ਰੰਗਾਂ ਨੂੰ ਛੇੜੀਂ,
ਕਿ ਇਹ ਵਰਕਾ ਕਿਸੇ ਪਾਟੀ ਹੋਈ ਤਸਵੀਰ ਦਾ ਹੈ।
ਮਲੱਮੇਬਾਜ਼ੀਆਂ, ਕਲੀਆਂ ਤੇ ਜਬਰਾਂ ਦੇ ਹਨ੍ਹੇਰੇ,
ਹਰ ਇੱਕ ਜਲਵਾ, ਹਰ ਭਾਂਬੜ ਹੀ ਕੋਹੇ ਤੂਰ ਦਾ ਹੈ।
ਕਦੀ ਨਾਨਕ, ਕਦੀ ਈਸਾ, ਕਦੀ ਗੋਤਮ ਕਦੀ ਰਾਵਣ,
ਅਜੇਹੇ ਸਾਥ ਦਾ ਰਿਸ਼ਤਾ ਮੇਰਾ ਕੁੱਝ ਦੂਰ ਦਾ ਹੈ।
ਇਹ ਦੁਰਗਾ ਲੱਖਸ਼ਣੀ, ਦੁਰ ਭਕਸ਼ਣੀ,ਸਾਹਾਂ ਪਿਆਸੀ,
ਇਹ ਵੇਖਣ ਨੂੰ ਤੇ ਲਗਦੀ ਹੈ ਕਿ ਚਿਹਰਾ ਹੂਰ ਦਾ ਹੈ।
ਹਕੀਕਤ ਨੂੰ ਹਮੇਸ਼ਾ ਹੀ ਕਿਸੇ ਸੂਲ਼ੀ ਤੇ ਜਾ ਟੰਗਣਾ,
ਗਿਲਾ ਮਜ਼ਹਬ, ਸਿਆਸੀ ਗੱਲ ਨਹੀਂ ਦਸਤੂਰ ਦਾ ਹੈ।
ਤਸ਼ਦੱਦ, ਕਾਲਖਾਂ,ਜਬਰਾਂ ਸਿਤਮ ਕਾਰੀ ਦੇ ਗੁੰਮ ਚਿਹਰੇ,
ਖਲਾਅ ਕੇਵਲ ਕਿਸੇ ਰੂਹਾਨੀਅਤ ਦੇ ਨੂੰਰ ਦਾ ਹੈ।
ਭਿਖਾਰੀ ਜਾਣ ਕੇ ਐਵੇਂ ਨਾ ਠੋਹਕਰ ਮਾਰ ਬੈਠੀਂ,
ਇਹ ਚਿਹਰਾ ਇਸ਼ਕ ਦੇ ਮਾਰੇ ਕਿਸੇ ਮੰਸੂਰ ਦਾ ਹੈ।
ਮੇਰੇ ਮਹਿਰਮ, ਮੇਰੇ ਦਿਲਬਰ, ਮੇਰੇ ਇਸ ਦੌਰ ਦੇ ਈਸਾ,
ਇਹ ਰਿਸਦਾ ਪੀਕ ਦਾ ਫੋੜਾ ਮੇਰੇ ਨਾਸੂਰ ਦਾ ਹੈ।
ਜਿਸਮ ਦੀ ਭੁੱਖ ਅੰਦਰ ਤਨ ਫ਼ੋਰਸ਼ੀ ਦੇ ਦਲੀਜ਼ੇ ਤੇ,
ਇਹ ਚਿਹਰਾ ਲੋੜ ਦੀ ਮੰਡੀ ਵਿਕੇ ਮਜ਼ਦੂਰ ਦਾ ਹੈ।
No comments:
Post a Comment