ਫਿਜ਼ਾ ਵਿੱਚ ਹੁੰਮਸ ਕਹਿਰ ਦੀ ਸੀ, ਜੇਠ ਮਹੀਨਾ।
ਬੁੱਲੇ ਗਰਮ ਹਵਾ ਦੇ, ਨਾਲ ਵਗੇ ਪਸੀਨਾ।
ਅਤਿ ਗਰਮੀ ਵਿੱਚ ਮੌਸਮ, ਭਰਦਾ ਹੌਕੇ ਹਾਵੇ।
ਜੱਦ ਅੰਬਰ ਬੈਠਾ ਸੂਰਜ ਵੀ, ਪਿਆ ਅੱਗ ਵਰ੍ਹਾਵੇ।
ਜਿਸਮ ਦਾ ਪਾਣੀ ਨੁੱਚੜਕੇ, ਚਿਹਰੇ ਸੀ ਧੋਂਦਾ।
ਹਰ ਸਿਰ ਤੋਂ ਲੈ ਕੇ ਪੈਰਾਂ ਤੱਕ, ਸੀ ਮੁੜ੍ਹਕਾ ਚੋਂਦਾ।
ਤੱਤੀ ਵਗਦੀ ਹੋਈ ਲੂ ਨਾਲ, ਚਿਹਰੇ ਮੁਰਝਾਏ।
ਸਭ ਡਾਲ਼ੀਆਂ ਪੱਤਲ ਰੁੱਖਾਂ ਦੇ, ਸੁੱਕਣ ਤੇ ਆਏ।
ਹਰੇ ਮੈਦਾਨਾ ਸੁੱਕ ਗਿਆ, ਸਭ ਤੀਲਾ ਤੀਲਾ।
ਜੀਵ ਕੁਲ ਤਰਸਣ ਠੰਡ ਨੂੰ, ਨਾਂਹ ਚੱਲੇ ਹੀਲਾ।
ਲੂਅ ਨਾਲ ਸੁੱਕੇ ਹਲਕ ਸਨ, ਸਾਹ ਹੋ ਗਏ ਔਖੇ।
ਅਤਿ ਦੀ ਗਰਮੀ ਹੁੰਦਿਆਂ ਕੰਮ ਨਹੀਂ ਸੀ ਸੌਖੇ।
ਨਾਂਹ ਕਿਤੇ ਛਉਰਾ ਲੱਭਦਾ, ਨਾਂਹ ਠੰਡਾ ਪਾਣੀ।
ਪੱਖੀਆ ਝੱਲ ਹਲਕਾਨ, ਹੁੰਦੇ ਜਾਣ ਪਰਾਣੀ।
ਛੱਪੜ ਟੋਭੇ ਸੁੱਕ ਗਏ, ਜਲ ਖੂਬ ਤਪਾਏ।
ਭੁੱਬਲ਼ ਹੋਈ ਧਰਤ ਨਾਲ, ਪੱਤਲ ਕੁਮਲਾਏ।
ਤਪਸ਼ ਦੇ ਇਸ ਕਹਿਰ ਨਾਲ, ਸਭੈ ਜੀਵ ਨਿਢਾਲੇ।
ਅੱਗ ਈਰਖਾ ਪਰ ਧੁਖ ਰਹੇ, ਮੁਗਲ ਹੋਏ ਚੰਡਾਲੇ।
ਇੱਕ ਗਰਮੀ ਸੀ ਮੌਸਮ ਦੀ, ਮੁਗਲਾਂ ਨੂੰ ਸਤਾਵੇ।
ਦੂਜੀ ਗੁ੍ਰੂ ਰਸੂਖ ਦੀ, ਪਈ ਵੱਢ ਵੱਢ ਖਾਵੇ।
ਨਫਰਤ ਜ਼ਹਿਰੀ ਨਾਗਣੀ, ਮੁਗ਼ਲਾਂ ਨੂੰ ਲੜ ਗਈ।
ਐਸੀ ਗਰਮੀ ਮੁਗਲਾਣਿਆ ਦੇ, ਮਗਜ਼ੇ ਚੜ੍ਹ ਗਈ।
ਚੜ੍ਹਤ ਗੁਰਾਂ ਦੀ ਤੰਗ ਸਨ, ਜ਼ਾਲਿਮ ਮੁਗਲਾਣੇ।
ਤਾਂ ਹੀ ਪੰਜਵੇਂ ਪਾਤਸ਼ਾਹ ਤੇ, ਇਹ ਵਰਤੇ ਭਾਣੇ।
ਹੋਰ ਕੋਈ ਇਸ ਕੌਮ ਤੇ, ਨਹੀਂ ਚੱਲਣਾ ਦਾਉ।
ਗੁਰੂ ਅਰਜੁਨ ਮੁੱਢ ਹੈ ਸਿੱਖੀ ਦਾ, ਤੇ ਮਾਰ ਮੁਕਾਉ।
ਜਹਾਂਗੀਰ ਤੇ ਮੌਲਾਣਿਆਂ, ਕਈ ਫਤਵੇ ਲਾ ਕੇ।
ਝੁਠੀ ਸ਼ਰਹਾ ਦੇ ਜ਼ੋਰ ਨਾਲ, ਫਿਰ ਸਜ਼ਾ ਸੁਣਾਕੇ।
ਪਾਪੀ ਮੌਲ਼ਾਣੇ ਜਹਾਂਗੀਰ ਨੂੰ, ਅਤਿ ਭੜਕਾਇਆ।
ਜੱਲਾਦਾਂ ਨੇ ਵੀ ਜਹਾਂਗੀਰ ਦਾ, ਹੁਕਮ ਵਜਾਇਆ।
ਵੱਡੇ ਮੋਸ਼ੇ ਬਾਲ ਕੇ ਅੱਗ, ਬਹੁਤੀ ਤਾਅ ਲਈ।
ਰੇਤਾ ਤੱਤੀ ਕਰਨ ਲਈ, ਉਸ ੳਪਰ ਚੜ੍ਹਾ ਲ਼ਈ।
ਵੱਡੇ ਚੁਲ੍ਹੇ ਅੱਗ ਬਾਲਕੇ, ਉਸ ਖੂਬ ਮਚਾਇਆ।
ਉਸ ਉਪਰ ਲੋਹ ਰੱਖਕੇ, ਉਹਨੂੰ ਖੂਬ ਤਪਾਇਆ।
ਅੱਗ ਨਾਲ ਮੱਚੀ ਤਵੀ ਤੇ, ਜੱਦ ਗੁਰੂ ਜੀ ਬਹਿ ਗਏ।
ਆਲ਼ੇ ਵਰਗੇ ਮੂੰਹ ਬੁੱਚੜਾਂ ਦੇ, ਅੱਡੇ ਰਹਿ ਗਏ।
ਲੋਹ ਹੇਠਾਂ ਲਾਂਬੂੰ ਅੱਗ ਦੇ, ਉੱਤੋਂ ਤੱਤੀ ਰੇਤਾ।
ਅਕਾਲ ਪੁਰਖ ਨੂੰ ਸਤਿਗੁਰੂ, ਰਹੇ ਕਰਦੇ ਚੇਤਾ।
ਜਰੇ ਤਸੀਹੇ, ਅਡੋਲ ਰਹੇ, ਮੰਨ ਭਾਣਾ ਮਿੱਠਾ।
ਐਸਾ ਕੌਤਕ ਜੱਗ ਤੇ, ਕਦੇ ਕਿਸੇ ਨਾ ਡਿੱਠਾ।
ਪ੍ਰਚੰਡ ਸਿਤੱਮ ਸੀ ਅੱਗ ਦਾ, ਮੁਗ਼ਲਾਂ ਨੇ ਢਾਹਿਆ।
ਅਡੋਲ ਰਹਿ ਪਰ ਗੁਰੂ ਜੀ, ਸਿਦਕ ਵਿਖਾਇਆ।
ਜ਼ੁਲਮ ਤਸੀਹੇ ਸਹਿਣ ਦਾ, ਇਹ ਸਬਕ ਸਿਖਾ ਗਏ।
ਮੁਗਲਾਂ ਹੱਥੋਂ ਗੁਰੂ ਅਰਜਨ ਜੀ, ਸ਼ਹੀਦੀ ਪਾ ਗਏ।
ਸ਼ਹੀਦੀ ਮਾਰਗ ਦੀ ਪੈਰਵੀ, ਸਿੱਖ ਰਹਿਣਗੇ ਕਰਦੇ।
ਧਰਮ ਦੀ ਖਾਤਰ, ਸਿੱਖ ਕਦੇ, ਮਰਨੋਂ ਨਹੀਂ ਡਰਦੇ।
No comments:
Post a Comment