ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, May 15, 2022

ਗ਼ਜ਼ਲ - ਹਰਜਿੰਦਰ ਬੱਲ



ਕਦੇ ਇਹ ਰੋਲ਼ਦੈ ਥਲ ਵਿਚ, ਕਦੇ ਬੇਲੀਂ ਰੁਲ਼ਾ ਦਿੰਦੈ।
ਨਸ਼ਾ ਹੀ ਇਸ਼ਕ ਦਾ ਐਸਾ ਹੈ ਜੋ ਸੁਧ-ਬੁਧ ਗੁਆ ਦਿੰਦੈ।

ਕਦੇ ਉਹ ਹੱਸਦਾ ਸੀ ਤਾਂ ਚੁਫ਼ੇਰਾ ਮਹਿਕ ਉੱਠਦਾ ਸੀ,
ਮਗਰ ਸੁਣਿਐ ਕਿ ਹੁਣ ਹਾਸਾ ਉਦ੍ਹਾ ਪੱਥਰ ਰੁਆ ਦਿੰਦੈ।

ਭੁਲਾ ਦਿੱਤੈ ਜੇ ਤੂੰ ਸਾਨੂੰ, ਤੇਰੇ ’ਤੇ ਨਹੀਂ ਗਿਲਾ ਕੋਈ,
ਖ਼ੁਦੀ ਵਿਚ ਆ ਕੇ ਤਾਂ ਬੰਦਾ ਖ਼ੁਦਾ ਨੂੰ ਵੀ ਭੁਲਾ ਦਿੰਦੈ।

ਬੜਾ ਹੀ ਖ਼ੌਫ਼ ਆਉਂਦੈ ਦੋਸਤੀ ਦੇ ਨਾਮ ਤੋਂ ਅਜ-ਕਲ੍ਹ,
ਕਿ ਸਾਨੂੰ ਦੋਸਤੀ ਦੀ ਹਰ ਕੋਈ ਐਸੀ ਸਜ਼ਾ ਦਿੰਦੈ।

ਕਿਹੀ ਆਜ਼ਾਦੀ ਹੈ ਦੱਸੋ, ਹੈ ਕੇਹਾ ਲੋਕਤੰਤਰ ਇਹ?
ਜੇ ਅਪਣਾ ਹੱਕ ਵੀ ਮੰਗੋ ਤਾਂ ਇਹ ਸੂਲ਼ੀ ਚੜ੍ਹਾ ਦਿੰਦੈ।

ਮੇਰੇ ਗਲ਼ ਲੱਗ ਭੁੱਬੀਂ ਰੋ ਪਿਆ ਮੇਰਾ ਰਕੀਬ ਆ ਕੇ,
ਮੇਰਾ ਦਿਲਬਰ ਹਰ ਇਕ ਨੂੰ ਪਿਆਰ ਦਾ ਏਹੋ ਸਿਲਾ ਦਿੰਦੈ।

ਮਨ੍ਹਾ ਕਰਦੈ ਕਿ ‘‘ਇਹ ਗੱਲ ਹੋਰ ਨਾ ਦੱਸੀਂ ਕਿਸੇ ਨੂੰ ਵੀ,’’
ਇਹੋ ਕਹਿ-ਕਹਿ ਕੇ ਦਿਲ ਦੇ ਰਾਜ਼ ਉਹ ਸਭ ਨੂੰ ਸੁਣਾ ਦਿੰਦੈ।

ਅਸੂਲ-ਈਮਾਨ ਦੀ ਛੱਡੋ, ਕਿਤਾਬੀ ਨੇ ਇਹ ਸਭ ਗੱਲਾਂ,
ਅੜੇ-ਈਮਾਨ ਤਾਂ ਪੈਸਾ ਘੜੀ-ਪਲ ਵਿਚ ਡੁਲਾ ਦਿੰਦੈ।

ਅਸੀਂ ਜੇ ਹੱਸੀਏ ਵੀ ਤਾਂ ਉਹਨੂੰ ਤਕਲੀਫ਼ ਹੁੰਦੀ ਏ,
ਅਸਾਡਾ ਤੜਪਣਾ ਪਰ ਓਸਨੂੰ ਬੇਹਦ ਮਜ਼ਾ ਦਿੰਦੈ।

ਸਮਾਂ ਹਰ ਜ਼ਖ਼ਮ ਭਰ ਦਿੰਦੈ, ਸਹੀ ਹੈ, ਪਰ ਇਹ ਵੀ ਹੈ ਸੱਚ,
ਸਮਾਂ ਹੀ ਹੌਲ਼ੀ-ਹੌਲ਼ੀ ਜ਼ਖ਼ਮ ਨੂੰ ਕੈਂਸਰ ਬਣਾ ਦਿੰਦੈ।

No comments:

Post a Comment