ਕੁਝ ਕੁ ਪਲ ਹੁੰਦੇ ਨੇ ਅਪਣੇ ਮਨ 'ਚ ਝਾਤੀ ਪਾਣ ਦੇ ,
ਕੁਝ ਪਲ ਹੁੰਦੇ ਨੇ ਅਪਣੇ ਆਪ ਨੂੰ ਸਮਝਾਣ ਦੇ ।
ਵਰਕਿਆਂ ਨੂੰ ਧੁਖਣ ਲਾ ਦਿੰਦਾ ਇਹਨਾਂ ਦੇ ਸੇਕ ਨਾਲ਼ ,
ਕਾਸ਼ ਮਿਲ਼ਦੇ ਸ਼ਬਦ ਮੈਨੂੰ ਜਜ਼ਬਿਆਂ ਦੇ ਹਾਣ ਦੇ ।
ਜ਼ਿੰਦਗੀ ਵਿਚ ਮੁਸ਼ਕਲਾਂ , ਮਜਬੂਰੀਆਂ ਮਿਲੀਆਂ ਅਨੇਕ ,
ਉੰਗਲਾਂ ਤੇ ਗਿਣਨ-ਯੋਗੇ ਪਲ ਮਿਲੇ ਮੁਸ਼ਕਾਣ ਦੇ ।
ਹੇ ਖ਼ੁਦਾ , ਹੇ ਵਾਹਗੁਰੂ , ਹੇ ਰਾਮ , ਹੇ ਗਿਰਧਰ ਗੁਪਾਲ ,
ਧਰਮੀਆਂ ਤੇ ਦੋਸ਼ ਕਿਉਂ ਇਨਸਾਨੀਅਤ ਦੇ ਘਾਣ ਦੇ ।
ਕੁਝ ਕੁ ਲੋਕੀ ਮਾਤ ਦੇ ਦਿੰਦੇ ਨੇ ਇਉਂ ਹਾਲਾਤ ਨੂੰ ,
ਚਮਕਦੇ ਹੀਰੇ ਜਿਵੇਂ , ਵਿਚ ਕੋਲਿਆਂ ਦੀ ਖਾਣ ਦੇ ।
ਸ਼ਾਇਰੀ ਨੇ ਕ੍ਰਿਸ਼ਨ ਤੇਰੀ ਕੁਝ ਬਣਾ ਦਿੱਤੀ ਪਛਾਣ ,
ਲੋਕ ਤੇਰੇ ਪਿੰਡ ਦੇ ਵੀ ਨਾ ਸੀ ਤੈਨੂੰ ਜਾਣਦੇ ।
No comments:
Post a Comment