ਮੁਹੱਬਤ ਦਾ ਹੀ ਇਹ ਪਰਤਾਪ ਸਾਰਾ , ਮੈਂ ਕੁਝ ਪਲ ਇਸ ਤਰ੍ਹਾਂ ਦੇ ਲੋਚਦਾ ਹਾਂ ,
ਇਹ ਪੱਥਰ ਦਿਲ ਵੀ ਕਰ ਦਿੰਦੀ ਹੈ ਪਾਰਾ , ਮੈਂ ਕੁਝ ਪਲ ਇਸ ਤਰ੍ਹਾ ਦੇ ਲੋਚਦਾ ਹਾਂ ।
ਜਿਨ੍ਹਾਂ ਦੇ ਸੁਪਨਿਆਂ ਨੇ ਨੈਣ ਮੱਲੇ , ਮੁਹੱਬਤ ਨਾਲ਼ ਦਿਲ ਹੋ ਜਾਣ ਝੱਲੇ ,
ਜਿਵੇਂ ਮੁੱਠੀ ' ਚ ਹੈ ਸੰਸਾਰ ਸਾਰਾ , ਮੈਂ ਕੁਝ ਪਲ ਇਸ ਤਰ੍ਹਾਂ ਦੇ ਲੋਚਦਾ ਹਾਂ ।
ਸਵਖਤੇ ਹੀ ਚਿੜੀ ਜਿਉਂ ਚਹਿਕਦੀ ਹੈ , ਕਿ ਜੀਕਣ ਰਾਤ- ਰਾਣੀ ਮਹਿਕਦੀ ਹੈ ,
ਚਮਕਦਾ ਜਿਸ ਤਰ੍ਹਾਂ ਸਰਘੀ ਦਾ ਤਾਰਾ , ਮੈਂ ਕੁਝ ਪਲ ਇਸ ਤਰ੍ਹਾਂ ਦੇ ਲੋਚਦਾ ਹਾਂ ।
ਜਿਵੇਂ ਦੋਮੇਲ ਤੇ ਅਸਮਾਨ ਝੁਕਦਾ , ਇਵੇਂ ਨੈਣਾਂ ਦੀਆਂ ਝੁਕ ਜਾਣ ਪਲਕਾਂ ,
ਇਹ ਮਿਲਣੀ ਦਾ ਅਲੋਕਾਰਾ ਨਜ਼ਾਰਾ , ਮੈਂ ਕੁਝ ਪਲ ਇਸ ਤਰ੍ਹਾਂ ਦੇ ਲੋਚਦਾ ਹਾਂ ।
ਸਰੋਦੀ ਨਾਦ ਹੈ ਜਾਂ ਨਾਦ ਅਨਹਦ , ਮਨਾਂ ਦਾ ਛਿੜ ਪਿਆ ਸੰਵਾਦ ਹੈ ਜਦ ,
ਉਦੋਂ ਭਾਲੋ ਨ ਸ਼ਬਦਾਂ ਦਾ ਸਹਾਰਾ , ਮੈਂ ਕੁਝ ਪਲ ਇਸ ਤਰ੍ਹਾਂ ਦੇ ਲੋਚਦਾ ਹਾਂ ।
ਸਲੀਕਾ , ਸੁਹਜ , ਸੰਜਮ , ਸਰਲਤਾ ਹੈ , ਨਹੀਂ ਹੰਝੂ , ਇਹ ਮਨ ਦੀ ਤਰਲਤਾ ਹੈ ,
ਜਿਵੇਂ ਕਲਕਲ ਕਰੇ ਚਸ਼ਮੇ ਦੀ ਧਾਰਾ , ਮੈਂ ਕੁਝ ਪਲ ਇਸ ਤਰ੍ਹਾਂ ਦੇ ਲੋਚਦਾ ਹਾਂ ।
ਸੁਹੱਪਣ , ਰਿਦਮ ਤੇ ਤਰਤੀਬ ਹੋਵੇ , ਉਦੋਂ ਹੀ ਸ਼ਬਦ ਨੇ ਜਾਦੂ ਜਗਾਉਂਦੇ ,
ਤਲਿੱਸਮ ਸਿਰਜ ਦਿੰਦਾ ਹੈ ਬੁਲਾਰਾ , ਮੈਂ ਕੁਝ ਪਲ ਇਸ ਤਰ੍ਹਾਂ ਦੇ ਲੋਚਦਾ ਹਾਂ ।
ਭਲਾ ਕਿਸ ਕੋਲ਼ ਮਨ ਦੇ ਭਿੱਤ ਖੋਹਲਾਂ , ਦੁਚਿੱਤੀ ਵਿੱਚ ਹਾਂ ਬੋਲਾਂ , ਨ ਬੋਲਾਂ ,
ਜ਼ਰਾ ਠਹਿਰੋ ਕਿ ਮੈਂ ਕਰਦਾ ਹਾਂ ਚਾਰਾ , ਮੈਂ ਕੁਝ ਪਲ ਇਸ ਤਰ੍ਹਾਂ ਦੇ ਲੋਚਦਾ ਹਾਂ ।
ਜੁ ਸਾਹ ਪੌਣਾਂ ਦੇ ਇਕ ਪਲ ਰੋਕ ਦੇਵੇ , ਸੰਵੇਦਨਸ਼ੀਲਤਾ ਕਿੱਥੋਂ ਲਿਆਵਾਂ ,
ਹੁਨਰ ਤਾਂ ਕ੍ਰਿਸ਼ਨ ਮਿਲਦਾ ਨਾ ਹੁਧਾਰਾ , ਮੈਂ ਕੁਝ ਪਲ ਇਸ ਤਰ੍ਹਾਂ ਦੇ ਲੋਚਦਾ ਹਾਂ।
No comments:
Post a Comment