ਸੀਸੀਟੀਵੀ ਕੈਮਰਾ
ਜਿੱਥੇ ਵੀ ਲੱਗਾ ਹੋਵੇ
ਲਿਖਿਆ ਹੁੰਦਾ
ਤੁਸੀਂ ਕੈਮਰੇ ਦੀ ਨਿਗ੍ਹਾ ਵਿੱਚ ਹੋ
ਸੋਸ਼ਲ ਮੀਡੀਆ
ਜ਼ਿੰਦਗੀ ਵਿੱਚ
ਇਨ੍ਹ
ਇੰਨਾ ਡੂੰਘਾ ਉਤਰ ਗਿਆ
ਬਿਨਾ ਕੋਈ ਚਿਤਾਵਨੀ ਦਿੱਤੇ
ਬਿਨਾ ਦੱਸੇ
ਬਿਨਾ ਪੁੱਛੇ
ਨਿੱਜੀ ਜ਼ਿੰਦਗੀ
ਨਹੀਂ ਰਹੀ
ਹਰ ਗੱਲ
ਘਟਨਾ ਬਣ ਗਈ
ਬੜਾ ਕੁਝ ਹੁੰਦਾ
ਜੋ
ਆਪਣੇ ਆਪ ਤੋਂ ਵੀ ਲੁਕੋਇਆ ਹੁੰਦਾ
ਮੋਬਾਇਲ ਫੋਨ
ਹਰ ਉਹ ਗੱਲ
ਰਿਕਾਰਡ ਕਰ ਲੈਂਦਾ
ਆਪਣੇ ਕੈਮਰੇ ਵਿਚ
ਜੋ ਨਿੱਜੀ ਹੁੰਦੀ
ਅਚੇਤ ਮਨ
ਸੁਚੇਤ ਮਨ ਤੋਂ
ਬੜਾ ਕੁਝ ਲੁਕਾਉਂਦਾ
ਪਰ ਇਹ ਕੈਮਰੇ
ਜੋ ਹੱਥਾਂ ਵਿੱਚ ਫੜੇ
ਸਭ ਪੜ੍ਹ ਲੈਂਦੇ
ਖਿੱਚ ਕੇ ਤਸਵੀਰਾਂ
ਨਸ਼ਰ ਵੀ ਕਰ ਦਿੰਦੇ
ਜਿਊਣ ਦੀ ਤਾਂ ਗੱਲ ਹੀ ਛੱਡੋ
ਸ਼ਮਸ਼ਾਨ ਵਿੱਚ ਵੀ ਨਹੀਂ ਬਖ਼ਸ਼ਦੇ
ਕੀ ਅਰਥੀ
ਕੀ ਚਿਤਾ
ਹਰ ਗੱਲ ਦੀ ਫੋਟੋ
ਦੁੱਖ ਜ਼ਾਹਰ ਕੀਤਾ
ਉਸ ਦੀ ਵੀ ਫੋਟੋ
ਜ਼ਿੰਦਗੀ ਜਿਵੇਂ ਕਚਹਿਰੀ ਬਣ ਗਈ
ਬਸ ਸਬੂਤ ਹੀ ਸਬੂਤ
ਬਖ਼ਸ਼ ਦਿਉ ਕੁਝ ਪਲ
ਹਰ ਕੁਛ ਜੋ ਮਹਿਸੂਸ ਹੁੰਦਾ
ਮਾਈਕ ਤੇ ਦੱਸਿਆ ਨਹੀਂ ਜਾ ਸਕਦਾ
ਮੀਡੀਆ ਵਾਲੇ ਸਵਾਲ ਕਰਦੇ
ਕਿਹੋ ਜਿਹਾ ਲੱਗ ਰਿਹਾ
ਜਨਮ ਤੇ
ਵਿਆਹ ਤੇ
ਮਰਗ ਤੇ
ਕੌਣ ਸਮਝਾਵੇ
ਸੁਖ ਦੁਖ
ਅੱਖਾਂ ਵਿੱਚ ਦਿਸਦੇ
ਹੰਝੂਆਂ ਵਿੱਚ ਕਿਰਦੇ
ਬੁੱਲ੍ਹਾਂ ਵਿੱਚ ਥਿਰਕਦੇ
ਮਹਿਸੂਸ ਕੀਤੇ ਜਾਂਦੇ
ਇਨ੍ਹਾਂ ਦੀਆਂ ਤਸਵੀਰਾਂ ਨਹੀਂ ਹੁੰਦੀਆਂ
No comments:
Post a Comment