ਪੌਣਾ ਖਬਰੇ ਕਿਹੜੇ ਦੇਸੋਂ ਆਈਆਂ ਨੇ ।
ਇਹ ਸਭ ਮੇਰੇ ਖ਼ੂਨ ਦੀਆਂ ਤਿਰਹਾਈਆਂ ਨੇ ।।
ਤੇਰੇ ਇਸ਼ਕ ਨੇ ਜਦ ਤੋਂ ਚੋਟਾਂ ਲਾਈਆਂ ਨੇ ,
ਮੈਂ ਹਰ ਮਹਿਫ਼ਲ ਗ਼ਜ਼ਲਾਂ ਖ਼ੂਬ ਸੁਣਾਈਆਂ ਨੇ ।।
ਛਾਈ ਕਾਲੀ ਬਦਲੀ ਹੈ ਜਦ ਤੋਂ ਅਸਮਾਨੀ ,
ਵਣ ਦੇ ਵਿੱਚ ਮੋਰਾਂ ਵੀ ਪੈਲਾਂ ਪਾਈਆਂ ਨੇ ।
ਉਡ ਪੁੱਡ ਗਈ ਹੈ ਨੀਂਦਰ ਮੇਰੀਆਂ ਅੱਖਾਂ ' ਚੋਂ ,
ਤੇਰੇ ਸੰਗ ਜਦ ਤੋਂ ਮੈਂ ਅੱਖਾਂ ਲਾਈਆਂ ਨੇ ।
ਲੱਖ ਲਾਹਨਤ ਹੈ ਉਹਨਾਂ ਪੁੱਠੀਆਂ ਸੋਚਾਂ ਨੂੰ,
ਦਿਲ ਦੇ ਅੰਦਰ ਜਿਹਨਾਂ ਵਿੱਥਾਂ ਪਾਈਆਂ ਨੇ ।
ਇਹ ਵੀ ਖ਼ੂਬ ਹੈ ਆਖਿਰ ਆਇਆਂ ਨੇ ਗਲ ਨੂੰ,
ਟੁੱਟ ਕੇ ਸਹੀ ਇਹ ਬਾਹਵਾਂ ਗਲ ਨੂੰ ਆਈਆਂ ਨੇ।
ਮੀਹਾਂ ਦਾ ਵਰ੍ਹਨਾ ਵੀ ਕੀ ਮਾਅਨੇ ਰੱਖਦਾ ਹੈ ,
" ਜੱਸ " ਅੱਖਾਂ ਤਾਂ ਦੀਦ ਦੀਆਂ ਤਿਰਹਾਈਆਂ ਨੇ ।
( ਜਸ ਬਠਿੰਡਾ )
No comments:
Post a Comment