ਸਾਕ ਜੇ ਐਦਾਂ ਹੀ ਡੰਗੇ ਜਾਣਗੇ।
ਸੱਪ ਹੋ ਬੰਦੇ ਤੋਂ ਚੰਗੇ ਜਾਣਗੇ।
ਹਸ਼ਰ ਤਾਈਂ ਜਾਣੀਆਂ ਨਾ ਦੌਲਤਾਂ,
ਨੰਗ ਆਏ ਸਭ ਤੇ ਨੰਗੇ ਜਾਣਗੇ।
ਤੱਕ ਕੇ ਮਾੜਾ ਕਿਸੇ ਦਾ ਦੋਸਤੋ!
ਦਿਨ ਖ਼ਰੇ ਮੈਥੋਂ ਨ ਮੰਗੇ ਜਾਣਗੇ।
ਖ਼ਤਮ ਹੋਈ ਜਦ ਖ਼ੁਦੀ ਇਨਸਾਨ ’ਚੋਂ,
ਖ਼ਤਮ ਹੋ ਸਾਰੇ ਹੀ ਪੰਗੇ ਜਾਣਗੇ।
ਤੂੰ ਵੀ ਨਾ ’ਕੱਲਾ ਰਿਹਾ ਤਾਂ ਫ਼ਿਰ ਕਹੀਂ,
ਦਿਨ ਜਦੋਂ ਤੇਰੇ ਵੀ ਚੰਗੇ, ਜਾਣਗੇ।
ਜੱਗ ’ਤੇ ਸਿੱਧੇ ਜਿਨ੍ਹਾਂ ਦੇ ਕਰਮ ਨਈਂ,
ਹਸ਼ਰ ਵਿਚ ਪੁੱਠੇ ਹੀ ਟੰਗੇ ਜਾਣਗੇ।
ਫ਼ੇਰ ਕਿਰਦਾਰਾਂ ’ਚ ਵੇਖੀਂ ਤੂੰ ਚਮਕ,
ਜਦ ਅਸੂਲਾਂ ਵਿੱਚ ਰੰਗੇ ਜਾਣਗੇ।
ਮੰਜ਼ਿਲਾਂ ਦੇ ਵਿਚ ਅੜਾ ਕੇ ਰੱਖ ਨਜ਼ਰ,
ਦੂਰ ਹੁੰਦੇ ਸਭ ਅੜੰਗੇ ਜਾਣਗੇ।
ਵਕਤ ਭੈੜਾ ਮੈਂ ਨਾ ਭੁੱਲਾਂਗਾ ਕਦੀ,
ਦਿਨ ਮੇਰੇ ਜੇ ਆ ਵੀ ਚੰਗੇ ਜਾਣਗੇ।
ਮੋਬਾਈਲ : 98143 17500
No comments:
Post a Comment