ਜਿਨ੍ਹਾਂ ਨੂੰ ਖਾ ਗਏ ਸਕਤੇ, ਉਨ੍ਹਾਂ ਸਤਰਾਂ ਦਾ ਕੀ ਕਰੀਏ?
ਜੋ ਮਤਲੇ ਤੋਂ ਅਗਾਂਹ ਨਹੀਂ ਤੁਰਦੀਆਂ, ਗ਼ਜ਼ਲਾਂ ਦਾ ਕੀ ਕਰੀਏ?
ਸਮਝ ਕੋਈ ਵੀ ਨੲ੍ਹੀਂ ਆਉਂਦੀ, ਕੋਈ ਤਾਂ ਦੱਸਿਓ ਹਾੜਾ!
ਅਧੂਰੇ ਰਹਿ ਗਏ ਜਿਹੜੇ, ਉਨ੍ਹਾਂ ਖ਼ਾਬਾਂ ਦਾ ਕੀ ਕਰੀਏ?
ਦਿਨੇ ਰਾਤੀਂ ਨਾ ਸੁੱਕਣ ਦਿੰਦੀਆਂ ਜੋ ਸਿੱਲ੍ਹ ਨੈਣਾਂ ’ਚੋਂ,
ਤੂੰ ਇਹ ਤਾਂ ਦੱਸ ਕੇ ਜਾਂਦੋਂ, ਉਨ੍ਹਾਂ ਯਾਦਾਂ ਦਾ ਕੀ ਕਰੀਏ?
ਕਦੇ ਇਕ ਦੂਸਰੇ ਦਾ ਹੱਥ ਫੜ ਆਪਾਂ ਜੋ ਪਾਈਆਂ ਸੀ,
ਖ਼ੁਦਾ ਦਾ ਵਾਸਤੈ ਦੱਸੀਂ ਉਨ੍ਹਾਂ ਕਸਮਾਂ ਦਾ ਕੀ ਕਰੀਏ?
ਸਜਾਏ ਸੀ ਜਿਹੜੇ ਚਾਅ-ਖ਼ਾਬ-ਸੱਧਰਾਂ ’ਕੱਠਿਆਂ ਆਪਾਂ,
ਕਿਹੜੇ ਖੂਹ ਸੁੱਟੀਏ ਸੱਧਰਾਂ, ਉਨ੍ਹਾਂ ਚਾਵਾਂ ਦਾ ਕੀ ਕਰੀਏ?
ਬੇਕਾਬੂ ਹੋ ਨੇ ਜਿਹੜੇ ਵਧ ਰਹੇ ਤੇਰੇ ਦਰਾਂ ਦੇ ਵੱਲ,
ਨਹੀਂ ਜੋ ਰੋਕਿਆਂ ਰੁਕਦੇ ਉਨ੍ਹਾਂ ਕਦਮਾਂ ਦਾ ਕੀ ਕਰੀਏ?
ਤੇਰੇ ਹੀ ਹਿਜਰ ਵਿਚ ਪਲ ਪਲ ਮੇਰੇ ਸੀਨੇ ’ਚੋਂ ਉੱਠਣ ਜੋ,
ਉਨ੍ਹਾਂ ਦਰਦਾਂ ਦਾ ਕੀ ਕਰੀਏ, ਉਨ੍ਹਾਂ ਚੀਸਾਂ ਦਾ ਕੀ ਕਰੀਏ?
ਜਿਨ੍ਹਾਂ ’ਤੇ ਜ਼ਹਿਰ ਵਾਂਗੂੰ ਲੱਗਦੀ ਹੈ ਮਰ੍ਹਮ ਵੀ ਹੁਣ ‘ਬੱਲ’!
ਤੂੰ ਹੀ ਦੱਸੀਂ ਤੇਰੇ ਦਿੱਤੇ ਉਨ੍ਹਾਂ ਜ਼ਖ਼ਮਾਂ ਦਾ ਕੀ ਕਰੀਏ?
No comments:
Post a Comment