Follow On Facebook Jagjeet Kaur Dhilwan
ਬਿਗ਼ਾਨੇ ਰਹਿਮ ਦੇ ਥੱਲੇ, ਜੇ ਆਟਾ ਦਾਲ਼ ਹੋਵੇਗੀ।
ਨਾ ਰੂਹ ਦਾ ਰੱਜ ਹੋਵੇਗਾ, ਨਾ ਗ਼ੈਰਤ ਪਾਲ਼ ਹੋਵੇਗੀ।
ਚਲਾਏ ਤੀਰ ਸ਼ਾਤਰ ਦੇ, ਰਤਾ ਨਾ ਚੁਭਣਗੇ ਤੈਨੂੰ,
ਜੇ ਉੱਚੀ ਸੋਚ ਦੀ ਕੋਲ਼ੇ ਨਰੋਈ ਢਾਲ਼ ਹੋਵੇਗੀ।
ਉਹ ਸ਼ਾਹੀ ਬੂਟ ਦੇ ਥੱਲੇ, ਦਬਾਉਂਦੇ ਚੀਕ ਜਦ ਉਸਦੀ,
ਤਾਂ ਬੇਵਸ ਆਬਰੂ ਓਥੇ, ਭਲਾ ਕਿਸ ਹਾਲ ਹੋਵੇਗੀ।
ਵਿਖਾ ਕੇ ਜਿਸਮ ਉਹ ਤੇਰਾ, ਵਧਾਉਂਦੇ ਦਾਮ ਵਸਤਾਂ ਦਾ,
ਤੂੰ ਭੋਲ਼ੀ ਮੀਨ ਕੀ ਜਾਣੇ, ਇਹ ਤੇਰਾ ਜਾਲ ਹੋਵੇਗੀ।
ਵਟਾਉਣਾ ਲੋਚਦੀ ਜੀਵਨ, ਕਲੀ ਹੁਣ ਨਾਲ਼ ਮਹਿਕਾਂ ਦੇ,
ਕਿ ਮੂਰਤ ਤੋਂ ਅਮੂਰਤ ਹੋਣ ਦੀ ਹੁਣ ਭਾਲ਼ ਹੋਵੇਗੀ।
ਤਲੀ ’ਤੇ ਜਾਨ ਧਰਦਾ ਹੈਂ, ਤੂੰ ਲੋਕਾਂ ਦੇ ਭਲੇ ਖ਼ਾਤਰ,
ਦੁਆ ਮਜ਼ਲੂਮ ਦੀ ਤੇਰੇ ਹਮੇਸ਼ਾਂ ਨਾਲ਼ ਹੋਵੇਗੀ।
ਜਦੋਂ ਸੁਰ ਕਰ ਲਿਆ ‘ਜਗਜੀਤ’ ਜੀਵਨ ਸਾਜ਼ ਤੂੰ ਅਪਣਾ,
ਬਣੂ ਹਰ ਸੁਆਸ ਦੀ ਸਰਗਮ ਤੇ ਕਦਮੀਂ ਤਾਲ ਹੋਵੇਗੀ।
No comments:
Post a Comment