ਜਦੋਂ ਗ਼ਮ ਬਾਤ ਪਾਉਂਦੇ ਨੇ ਹੁੰਗਾਰਾ ਭਰ ਨਹੀਂ ਹੁੰਦਾ।
ਤੇ ਖ਼ਾਮੋਸ਼ੀ ਦਾ ਆਲਮ ਵੀ ਮੇਰੇ ਤੋਂ ਜਰ ਨਹੀਂ ਹੁੰਦਾ।
ਦਵਾ ਦਾਰੂ ਹੀ ਹੋ ਜਾਂਦਾ ਕਿਤੇ ਕੋਈ ਜ਼ਖ਼ਮ ਦਿਸਦਾ ਜੇ,
ਹਿਜਰ ਦੀ ਪੀੜ ਦਾ ਚਾਰਾ ਕੋਈ ਵੀ ਕਰ ਨਹੀਂ ਹੁੰਦਾ।
ਰਿਸੇਗਾ ਉਮਰ ਭਰ ਲਗਦੈ ਹਮੇਸ਼ਾ ਦਰਦ ਦੇਵੇਗਾ,
ਹੈ ਏਨਾ ਜ਼ਖ਼ਮ ਇਹ ਗਹਿਰਾ ਸਮੇਂ ਤੋਂ ਭਰ ਨਹੀਂ ਹੁੰਦਾ।
ਬੜਾ ਹੀ ਦੁੱਖ ਦੇਵੇ ਸੁਫ਼ਨਿਆਂ ਦਾ ਬਿਖਰ ਜਾਣਾ ਪਰ,
ਸਹਾਰੇ ਸੁਫ਼ਨਿਆਂ ਦੇ ਵੀ ਇਹ ਭਵਜਲ ਤਰ ਨਹੀਂ ਹੁੰਦਾ।
ਨਾ ਰੱਖੀਂ ਭੁੱਲ ਕੇ ਦਿਲ ਵਿਚ ਤੂੰ ਐਵੇਂ ਹੀ ਗਿਲੇ ਸ਼ਿਕਵੇ,
ਮਨਾਂ ਵਿਚਲਾ ਕਦੇ ਪਾੜਾ ਕਿਸੇ ਤੋਂ ਭਰ ਨਹੀਂ ਹੁੰਦਾ।
ਖੜੀ ਨਾ ਕਟਹਿਰੇ ਵਿਚ ਤੇਰੀ ਮੁਜਰਿਮ ਨਹੀਂ ਹਾਂ ਮੈਂ,
ਨਾ ਸੂਲੀ ਚਾੜ੍ਹ ਇੰਜ ਮੈਨੂੰ ਮੇਰੇ ਤੋਂ ਮਰ ਨਹੀਂ ਹੁੰਦਾ।
ਨਾ ਬਣ ਕਮਜ਼ੋਰ ਕਰ ਹਿੰਮਤ ਉਡਾਰੀ ਮਾਰਨੀ ਸਿਖ ਲੈ,
ਤੂੰ ਸੋਚੀਂ ਨਾ ਪਰਾਂ ਦੇ ਬਿਨ ਇਹ ਅੰਬਰ ਸਰ ਨਹੀਂ ਹੁੰਦਾ।
No comments:
Post a Comment