ਨਦੀ ਖ਼ਾਹਿਸ਼ਾਂ ਦੀ ਵਿਚ ਫਸਿਆ ਕਰੇ ਹੁਣ ਕੀ ਵਿਚਾਰਾ ਦਿਲ।
ਇਛਾਵਾਂ ਡੋਬਣਾ ਇਸ ਨੂੰ ਕਿ ਹੋਇਆ ਬੇਸਹਾਰਾ ਦਿਲ।
ਮੁਹੱਬਤ ਦੀ ਤੜਪ ਸੀ ਜੋ ਹਵਸ ’ਤੇ ਆਣ ਕੇ ਮੁੱਕੀ,
ਵਫ਼ਾ ਨੂੰ ਟੋਲਦੇ ਫਿਰਦੇ ਨੂੰ ਆਖੋ ਨਾ ਅਵਾਰਾ ਦਿਲ।
ਮੇਰੇ ਨੈਣਾਂ ’ਚ ਤੇਰੇ ਖ਼ਾਬ ਦੀ ਆਹਟ ਵੀ ਸੁਣਦੀ ਨਹੀਂ,
ਪਤਾ ਨਹੀਂ ਕਿੰਨਿਆਂ ਜਨਮਾਂ ਤੋਂ ਫਿਰਦਾ ਹੈ ਕੁਆਰਾ ਦਿਲ।
ਮੈਂ ਅਪਣੇ ਆਪ ਨੂੰ ਸੂਲੀ ’ਤੇ ਆਪੇ ਟੰਗ ਕੇ ਵੇਖਾਂ,
ਕਦੇ ਇਹ ਝੱਲਿਆਂ ਵਾਂਗੂੰ ਕਰੇ ਮੈਨੂੰ ਇਸ਼ਾਰਾ ਦਿਲ।
ਜਿਵੇਂ ਬਿਰਖ਼ਾਂ ਦੇ ਝੜਦੇ ਪੱਤਰਾਂ ਨੂੰ ਸਾਂਭਦੀ ਧਰਤੀ,
ਇਵੇਂ ਹੀ ਸਾਂਭਣਾ ਚਾਹੁੰਦਾ ਹੈ ਤੈਨੂੰ ਬੇਮੁਹਾਰਾ ਦਿਲ।
ਹਨੇਰੇ ਦੀ ਗੁਫ਼ਾ ਤੋਂ ਪਾਰ ਚਾਨਣ ਦਾ ਬਸੇਰਾ ਹੈ,
ਸ਼ੁਰੂ ਤੋਂ ਦੇਖਣਾ ਚਾਹੁੰਦਾ ਹੈ ਸਾਰਾ ਉਹ ਪਸਾਰਾ ਦਿਲ।
ਕੋਈ ਕੋਪਲ ਨਵੀਂ ਫੁੱਟੇ ਜਾਂ ਕੋਈ ਟਾਹਣ ਹੀ ਟੁੱਟੇ,
ਇਹਨੂੰ ਜੁੰਬਿਸ਼ ਤੋਂ ਡਰ ਲਗਦੈ ਤਦੇ ਡੋਲੇ ਇਹ ਪਾਰਾ ਦਿਲ।
No comments:
Post a Comment