ਉਡੀਕੇ ਰੋਜ਼ ਇਹ ਧਰਤੀ ਗੁਲਾਬਾਂ ਦੀ ਖ਼ਬਰ ਕੋਈ।
ਗੁਆਚੀ ਜੋਤ ਨੂੰ ਜਿਉਂ ਭਾਲਦਾ ਹੈ ਬੇਨਜ਼ਰ ਕੋਈ।
ਮੇਰੀ ਮਿੱਟੀ ’ਚੋਂ ਵੀ ਦੀਵੇ ਜਗੇ ਤੇ ਫੁੱਲ ਖਿੜੇ ਲੋਕੋ!
ਕਿਵੇਂ ਆਖਾਂ ਨਹੀਂ ਲਗਦਾ ਇਨ੍ਹਾਂ ਪੌਣਾਂ ਤੋਂ ਡਰ ਕੋਈ।
ਜਿਵੇਂ ਮੈਂ ਉਸ ਦਿਆਂ ਰਾਹਾਂ ’ਚ ਜਗ ਜਗ ਬੁਝ ਗਈ ਹੋਵਾਂ,
ਇਓਂ ਲੰਘਿਆ ਹੈ ਮੇਰੇ ਕੋਲ ਦੀ ਅੱਜ ਬੇਖ਼ਬਰ ਕੋਈ।
ਸਮਾਂ ਬੇਖ਼ੌਫ਼ ਤੁਰਦਾ ਹੈ, ਹਵਾ ਬੇਝਿਜਕ ਵਗਦੀ ਹੈ,
ਖ਼ਲਾਅ ਵਿਚ ਕਿਉਂ ਨਹੀਂ ਫਿਰ ਝੂਮਦੀ ਮੇਰੀ ਲਗਰ ਕੋਈ।
ਨਹੀਂ ਇਤਬਾਰ ਜੇ ਹਾਲੇ ਤਾਂ ਮੇਰੀ ਜਾਨ ਹਾਜ਼ਿਰ ਹੈ,
ਕਿਵੇਂ ਹਰ ਗੱਲ ’ਤੇ ਚੀਰੇ ਤੇਰੇ ਸਾਹਵੇਂ ਜਿਗਰ ਕੋਈ।
ਮੇਰੇ ਅਸਮਾਨ ਵਿਚ ਵੀ ਇਕ ਸਿਤਾਰਾ ਜਗਮਗਾ ਉਠਿਆ,
ਕਿ ਆਖ਼ਰ ਮਿਲ ਗਿਆ ਇਸ ਰਾਤ ਨੂੰ ਵੀ ਹਮਸਫ਼ਰ ਕੋਈ।
No comments:
Post a Comment