ਜਿਵੇਂ ਹਥੌਲ਼ੇ ਵਰਗੀ ਰਹਿਮਤ ਹੋ ਗਈ ਕਰਮਾਂ ਮਾਰੇ ਤੇ।
ਤਾਂ ਹੀ ਮਿੱਟੀ ਮੋਹ ਵਿੱਚ ਗੁੰਨ੍ਹੀ ਤੇਰੇ ਇੱਕ ਇਸ਼ਾਰੇ ਤੇ।
ਛੱਤ ਪਾੜ ਕੇ ਕਿਰਨਾਂ ਅੰਦਰ ਲੰਘ ਆਵਣ ਦੇ ਰੋਕ ਨਾ ਤੂੰ,
ਅੰਬਰ ਰੁਦਨ ਕਰੇੰਦਾ ਤੱਕ ਲੈ ਸੱਜਰੇ ਟੁੱਟੇ ਤਾਰੇ ਤੇ।
ਸੁਪਨਿਆਂ ਦੀ ਸ਼ਤਰੰਜ ਵਿਛਾ ਕੇ ਲੁੱਟ ਲਿਆ ਤੂੰ ਦਿਲ ਮਾਸੂਮ,
ਭੋਰਾ ਤਰਸ ਨਾ ਆਇਆ ਤੈਨੂੰ
ਮਹਿਰਮ ਯਾਰ ਪਿਆਰੇ ਤੇ।
ਹਰਫਾਂ ਦੇ ਦਰਿਆ ਵਿੱਚ ਤਾਰੀ ਨਿੱਤ ਲਾਵਾਂ ਤੇ ਡੁੱਬ ਜਾਵਾਂ,
ਪਿਘਲ ਜਾਣ ਦਰਦੀਲੀਆਂ ਕੜੀਆਂ
ਡੂੰਘੀ ਹੂੰਗਰ ਮਾਰੇ ਤੇ।
ਮਾਂ ਦੀ ਮਿੱਠੀ ਲੋਰੀ ਵਰਗੀ ਸਭਨਾਂ ਨੂੰ ਜੋ ਦੇਣ ਅਸੀਸ,
ਰੁੱਖਾਂ ਦੀ ਦਰਵੇਸ਼ੀ ਭੁੱਲ ਕੇ ਤਣਾ ਚੀਰਦੈਂ ਆਰੇ ਤੇ।
ਅੱਖੀਂ ਪੱਟੀ ਬੰਨ੍ਹ ਕੇ ਮੇਲਾ ਦੇਖ ਰਹੇ ਸਾਂ ਉਮਰਾਂ ਤੋਂ,
ਹੋ ਗਈਆਂ ਕਾਫ਼ੂਰ ਨੇ ਸੱਧਰਾਂ ਤਾਂਹੀਂਉਂ ਆਣ ਕਿਨਾਰੇ ਤੇ।
ਕੱਚੇ ਕੋਠੇ ਆਸ ਦਾ ਦੀਵਾ ਨਿੱਤ ਧਰੀਏ ਜੀ ਚਾਨਣ ਲਈ,
ਰੀਝਾਂ ਦੇ ਸਾਲੂ ਸਿਰ ਲੈ ਕੇ ਤੇਰੇ ਝੂਠੇ ਲਾਰੇ ਤੇ।
ਨਵਗੀਤ ਕੌਰ
No comments:
Post a Comment