----------ਬਦਬੂ / ਮਹਿਕ
ਦਿੱਲੀ ਤੋਂ ਵੈਨਕੂਵਰ ਏਅਰ ਇੰਡੀਆ ਦੀ ਉਡਾਣ ਚ ਬਹੁਤੇ ਪੰਜਾਬੀ ਤੇ ਬਾਕੀ ਪ੍ਰਾਂਤਾਂ ਦੇ ਲੋਕ ਹੀ ਹੁੰਦੇ। 50ਵਾੰ ਦੇ ਆਸ ਪਾਸ ਜੋੜਾ ਆਪਣੀਆਂ 2 ਧੀਆਂ ਨਾਲ ਉਸੇ ਉਡਾਨ ਸੀ। ਗੱਲਾਂ ਤੋਂ ਲਗਦਾ ਸੀ ਪੜਣ ਗਏ ਬੇਟੇ ਦੀ ਗ੍ਰੈਜੂਏਟਸ਼ਨ ਪਾਰਟੀ ਤੇ ਜਾ ਰਹੇ ਸੀ।
ਉਹਨਾਂ ਦੀਆਂ ਸੀਟਾਂ ਆਹਮਣੇ ਈ ਸੀ। ਰੋਟੀ ਪਰੋਸੀ ਗਈ। ਮਾਂ ਘਬਰਾ ਗਈ ਥਾਲੀ ਵੇਖ।
" ਮੈ ਆਹ ਨੀ ਖਾਣੀ"
" ਬੀਬੀ! ਇਹ ਵੈਸ਼ਨੂੰ ਈ ਆ। ਵੀਰਾ ਕਹਿੰਦਾ ਸੀ ਬੀਬੀ ਦੀ ਥਾਲੀ ਖਾਸ ਕਹੀ ਆ।ਖਾਅ ਲਾ"
" ਤੂੰ ਮੈਨੂੰ ਆਪਣੀਆ ਲਿਆਂਦੀਆ ਰੋਟੀਆਂ ਡੱਬੇ ਚੋ ਦੇ"
ਕੁੜੀ ਨੇ ਝੱਟ ਬੈਗ ਚੋਂ ਡੱਬਾ ਕੱਢ, ਦੋ ਮੋਟੇ ਮੋਟੇ ਪਰਾਂਠਿਆਂ ਤੇ 2ਫਾੜੀਆਂ ਅੰਬ ਦੇ ਆਚਾਰ ਦੀਆਂ ਰੱਖ ਫੜਾਈਆਂ। ਆਚਾਰ ਦੀ ਮਹਿਕ ਸਾਰੇ ਪਾਸੇ ਫੈਲ ਗਈ। ਬਾਕੀ ਵੀ ਸਭ ਪਰੋਸੀਆਂ ਗਈਆਂ ਟ੍ਰੇਆਂ ਚੋਂ ਖਾਣਾ ਖਾਣ ਲੱਗੇ।
ਮੈਨੂੰ 19,20 ਸਾਲ ਪੁਰਾਣੀ ਗੱਲ ਯਾਦ ਆ ਗਈ। ਉਦੋ ਮੈਂ ਕਈ ਵਾਰੀ ਕੈਥੀ-ਪੈਸਿਫਿਕ ਏਅਰ ਲਾਈਨ ਚ ਸਫਰ ਕੀਤਾ। ਗੋਰੇ ਵੀ ਸਫਰ ਚ ਹੁੰਦੇ ਸੀ। ਇਕ ਵਾਰੀ ਏਦਾਂ ਹੀ ਬਜ਼ੁਰਗ ਮਾਤਾ ਨੇ ਆਪਣੀ ਰੋਟੀਆਂ ਤੇ ਅੰਬ ਦੇ ਆਚਾਰ ਵਾਲੀ ਪੋਟਲੀ ਖੋਲ ਲਈ ਸੀ ਤੇ ਦੂਰ ਬੈਠੀਆਂ ਪਿੰਡ ਦੀਆਂ ਸੁਆਰੀਆਂ ਨੂੰ ਵੀ ਵਾਜਾਂ ਮਾਰ ਮਾਰ ਫੜਾਈਆਂ। ਨੇੜੇ ਬੈਠੇ ਗੋਰਿਆਂ ਨੇ ਨਕ ਤੇ ਹੱਥ ਰਖਦੇ ਹੋਏ ਹੌਸਟੈਸ ਨੂੰ ਬੁਲਾਕੇ ਉਲਾਂਭਾ ਦਿੱਤਾ ਸੀ
"
(" ਇਹ ਬਦਬੂ ਕਿਥੋਂ ਆਂਦੀ?")
ਏਅਰ ਹੌਸਟੈਸ ਨੇ ਫਿਰ ਮਾਤਾ ਨੂੰ ਕਿਹਾ ਸੀ
" ਤੁਸੀਂ ਆਪਣਾ ਖਾਣਾ ਇੱਥੇ ਨੀ ਖਾ ਸਕਦੇ"
ਪਰ ਹੁਣ ਏਅਰ ਇੰਡੀਆ ਦੀ ਉਡਾਣ ਚ ਸਭ ਇਸ ਮਹਿਕ ਤੋਂ ਬੇਖਬਰ ਆਪੋ ਆਪਣੇ ਖਾਣੇ ਚ ਮਸਤ ਸੀ। ਮੇਰਾ ਜੀਅ ਕਰਦਾ ਸੀ ਕਿ ਮੈਂ ਅੰਬ ਦੇ ਆਚਾਰ ਦੀ ਫਾੜੀ ਕੁੜੀ ਕੋਲੋਂ ਮੰਗ ਲਵਾਂ ਕਿੳਂਕਿ ਇਹਦੇ ਚੋਂ ਮੈਨੂੰ ਆਪਣੇ ਪੰਜਾਬ ਦੀ ਮਹਿਕ ਆਉਂਦੀ ਸੀ।
ਹਰਜੀਤ ਸੈਣੀ
No comments:
Post a Comment