ਮੇਰਾ ਦਿਲਦਾਰ ਆਏਗਾ ਮੇਰੇ ਤੁਰ ਜਾਣ ਦੇ ਮਗਰੋਂ।
’ਕਰਾਰ ਅਪਣਾ ਨਿਭਾਏਗਾ ਮੇਰੇ ਤੁਰ ਜਾਣ ਦੇ ਮਗਰੋਂ।
ਸਤਾਉਂਦਾ ਹੈ, ਰੁਆਉਂਦਾ ਹੈ, ਜੋ ਖ਼ੁਸ਼ ਹੈ ਰੋਣ ’ਤੇ ਮੇਰੇ,
ਉਹ ਰੋ-ਰੋ ਕੇ ਵਿਖਾਏਗਾ ਮੇਰੇ ਤੁਰ ਜਾਣ ਦੇ ਮਗਰੋਂ।
ਜੋ ਦਿਲ ਵਿਚ ਘਰ ਕਰੀ ਬੈਠੈ, ਉਹਦਾ ਗ਼ਮ ਖਾ ਰਿਹੈ ਮੈਨੂੰ,
ਉਹ ਕਿੱਥੇ ਘਰ ਬਣਾਏਗਾ ਮੇਰੇ ਤੁਰ ਜਾਣ ਦੇ ਮਗਰੋਂ।
’ਕਰਾਰ ਆਉਣਾ ਨਹੀਂ ਦਿਲ ਨੂੂੰ ਬਦਨ ਵਿਚ ਕੈਦ ਹੈ ਜਦ ਤਕ,
’ਕਰਾਰ ਇਸ ਨੂੰ ਵੀ ਅਏਗਾ ਮੇਰੇ ਤੁਰ ਜਾਣ ਦੇ ਮਗਰੋਂ।
ਲਹੂ ਪੀਂਦਾ ਰਿਹਾ ਮੇਰਾ ਜੋ ਬਣ ਕੇ ਗ਼ੈਰ ਦਾ ਹਮਦਮ,
ਮੇਰਾ ਬਣ ਕੇ ਵਿਖਾਏਗਾ ਮੇਰੇ ਤੁਰ ਜਾਣ ਦੇ ਮਗਰੋਂ।
ਕੋਈ ਨਹੀਂ ਪੁੱਛਦਾ ਹੁਣ ਤਾਂ ਬਟਾਲੇ ਰੋਜ਼ ਜਾਂਦਾ ਹਾਂ,
ਕੋਈ ਬਦਲੀ ਕਰਾਏਗਾ ਮੇਰੇ ਤੁਰ ਜਾਣ ਦੇ ਮਗਰੋਂ।
ਜ਼ਮਾਨਾ ਹੈ ਜਦੋਂ ਪੱਥਰ ਤਾਂ ਫਿਰ ਕਿਉਂ ਆਸ ਹੈ ਮੈਨੂੰ,
ਕਿ ਇਹ ਆਂਸੂ ਵਹਾਏਗਾ ਮੇਰੇ ਤੁਰ ਜਾਣ ਦੇ ਮਗਰੋਂ।
ਅਜੇ ਤਾਂ ਕਤਲ ਕਰਨੇ ਦਾ ਬਹਾਨਾ ਢੂੰਡਦਾ ਹੈ ਉਹ,
ਮੇਰੀ ਬਰਸੀ ਮਨਾਏਗਾ ਮੇਰੇ ਤੁਰ ਜਾਣ ਦੇ ਮਗਰੋਂ।
ਸੁਲਗਦੇ ਨੇ ਰਕੀਬ ਅਪਣੇ, ਇਹ ਮੈਨੂੰ ਜਰ ਨਹੀਂ ਸਕਦੇ,
ਇਨ੍ਹਾਂ ਨੂੰ ਚੈਨ ਆਏਗਾ ਮੇਰੇ ਤੁਰ ਜਾਣ ਦੇ ਮਗਰੋਂ।
ਜਿਨ੍ਹਾਂ ਦੀ ਬੇਰੁਖ਼ੀ ਨੇ ਜਾਨ ਮੇਰੀ ਲੈ ਲਈ ‘ਆਰਿਫ਼’!
ਉਨ੍ਹਾਂ ਨੂੰ ਪਿਆਰ ਆਏਗਾ ਮੇਰੇ ਤੁਰ ਜਾਣ ਦੇ ਮਗਰੋਂ।
No comments:
Post a Comment