ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, June 16, 2022

ਕਹਾਣੀ (ਦਾਣਾ-ਪਾਣੀ) - ਬੀਰਪਾਲ ਸਿੰਘ ਅਲਬੇਲਾ

 


"ਵੇ ਪੁੱਤ ਕੀ ਕਰਦਾਂ ਵੇ ...ਆ ਫ਼ੋਨ -ਫ਼ੂਨ ਬਾਅਦ ਵਿੱਚ ਦੇਖ ਲਵੀਂ.... ਜਾ ਕੇ ਕਣਕ ਧੋ ਲਾ" 

"ਹਾਂ- ਹਾਂ- ਹਾਂ ਬੇਬੇ ਤੂੰ ਹਮੇਸ਼ਾਂ ਇਹੀ ਕਹਿੰਦੀ ਰਹਿਨੀ ਹੈ ਕਣਕ ਧੋਲਾ - ਕਣਕ ਧੋਲਾ ,ਧੋ ਲੈਨੇ ਆਂ ਐਤਵਾਰ ਹੀ ਹੈ ਅੱਜ।"

  "ਉਹ ਤਾਂ ਠੀਕ ਏ ਅੱਜ ਐਤਵਾਰ ਏ ਪਰ ਆਟਾ ਨਹੀਂ ਢੋਲੀ ਵਿਚ ਸ਼ਾਮ ਦਾ ਖਾਣ ਜੋਗਾ,ਆ ਸ਼ਾਮ ਨੂੰ ਤਾਂ ਮੰਗ ਲਿਆਵਾਂਗੇ ਤੇਰੇ ਚਾਚੇ ਕੇ ਪਰ ਰੋਜ਼ ਰੋਜ਼ ਕਿਹੜਾ ਦਿੰਦਾ ਏ ਖਾਣ ਨੂੰ ?..ਜਾ ਧੌਲਾ ਜਾਕੇ।" 

ਧੋ ਲੈਂਦਿਆਂ ਬੇਬੇ ਟਿਕਣ ਨਾ ਦਿਆ ਕਰ ਐਤਵਾਰ ਨੂੰ ,ਐਤਵਾਰ ਨੂੰ ਰੈਸਟ ਕਰਨੀ ਹੁੰਦੀ ਆ, ਰੈਸਟ ਲਈ ਬਣਿਆ ਈ ਐਤਵਾਰ।"

ਮੈਨੂੰ ਨੀ ਪਤਾ ਆ ਰੈਸਟ-ਰੁਸਟ ਕੀ ਹੁੰਦੀ ਐ ?

 ਆਰਾਮ ਹੁੰਦਾ ਬੇਬੇ ਅਰਾਮ ਰੈਸਟ ਕਰਨਾ 

 ਅੱਛਾ ਆਰਾਮ ਹੁੰਦਾ ਚੱਲ ਠੀਕ ਹੈ...ਨਾ ਧੋ ਕਣਕ ਆਪਣੇ ਢਿੱਡ ਨੂੰ ਵੀ ਅੱਜ ਆਰਾਮ ਕੁਰਾਲੀ ਤੂੰ।"

ਮੇਰੀ ਵੀ ਤੇਰੇ ਦਾਦੇ ਨਾਲੇ ਚੱਲਦੀ ਸੀ ਇਸ ਘਰ ਵਿੱਚ.... ਬੰਦੇ ਨਾਲ ਈ ਸਰਦਾਰੀ ਹੁੰਦੀ ਏ ਤੀਵੀਂ ਦੀ..... ਮਜਾਲ ਸੀ ਕੋਈ ਕੁਸਕਦਾ ਹੋਵੇ.. ਸਾਰੇ ਚਲਦੇ ਸੀ ਤੇਰੇ ਬਾਬੇ ਤੋਂ ..ਹੁਣ ਨਹੀਂ ਪੁੱਛਦਾ ਮੈਨੂੰ ਇੱਥੇ ਕੋਈ .... ਆ ਟੀਟਣੇ ਜਿਹਾ ਤੇਰੇ ਸਾਹ ਉਪਰ ਦੇ ਉੱਪਰ ਅਤੇ ਥੱਲੇ ਵਾਲੇ ਥੱਲੇ ਰਹਿੰਦੇ ਸੀ ਜਦੋਂ ਹੁੰਦਾ ਸੀ ਤੇਰਾ ਦਾਦਾ.... ਹੁਣ ਤੂੰ ਵੀ ਦੇਖ ਕਿਵੇਂ ਚਬੜ-ਚਬੜ ਬੋਲਦੈਂ?"

ਬੇਬੇ ਮੇਰੇ ਤੋਂ ਨਾਰਾਜ਼ ਹੋ ਕੇ ਵਿਹੜੇ ਵਿੱਚ ਡਾਹੇ ਮੰਜੇ ਤੇ ਪੈ ਗਈ ......ਨਾਰਾਜ਼ ਇਸ ਤਰ੍ਹਾਂ ਜਿਵੇਂ ਕੋਈ ਜੰਗ ਵਿਚੋਂ ਹਾਰ ਕੇ ਨਿਮੋਝੂਣਾ ਜਿਹਾ ਹੋ ਕੇ ਫੌਜੀ ਪੈਜੇ।

          "ਬੇਬੇ ਮੇਰੀਏ ਤੂੰ ਕਿਉਂ ਨਾਰਾਜ਼ ਹੋ ਜਾਂਦੀਆਂ ਮੇਰੇ ਨਾਲ,ਇਕ ਤੂੰ ਹੀ ਤਾਂ ਹੈਂ ਜੀਹਦੇ ਨਾਲ ਮੈਂ ਮਸ਼ਕਰੀਆਂ ਕਰ ਲੈਂਦਾ ਹਾਂ।"

ਅੱਜ ਤਕ ਜਦੋਂ ਦੀ ਮੈਂ ਸੁਰਤ ਸੰਭਾਲੀ ਇਹ ਕਦੇ ਨਹੀਂ ਸੀ ਹੋਇਆ ਕਿ ਅਸੀਂ ਬਿਨਾਂ ਧੋਤੇ ਕਣਕ ਪਿਹਾ ਲਈ ਹੋਵੇ ।

ਮੈਂ ਜਿਉਂ ਹੀ ਕਣਕ ਦਾ ਥੈਲਾ ਤੇ ਵੱਡਾ ਸਾਰਾ ਟੱਬ ਲੈ ਨਲਕੇ ਹੇਠ ਬੈਠਾ ਤਾਂ ਬਿਰਤੀ ਮੇਰੀ ਮੇਰੇ ਦਾਦਾ ਜੀ ਵਿੱਚ ਚਲੀ ਗਈ ਜੋ ਦੋ ਸਾਲ ਪਹਿਲਾਂ ਇਸ ਜਹਾਨ ਤੋਂ ਰੁਖ਼ਸਤ ਹੋ ਗਏ ਸੀ,ਜਿਹੜੇ ਇੰਨੇ ਸਫਾਈ ਪਸੰਦ ਸੀ ਕਿ ਨਾ ਤਾਂ ਬਿਨਾਂ ਧੋਤੇ ਕਦੇ ਕੱਪੜਾ ਪਾਉਂਦੇ ਤੇ ਨਾ ਹੀ ਬਿਨਾਂ ਧੋਤੀ ਕਣਕ ਦੀ ਕਦੇ ਰੋਟੀ ਖਾਂਦੇ, ਪੱਕੀ ਡਿਊਟੀ ਸੀ ਉਨ੍ਹਾਂ ਦੀ ਕਣਕ ਧੋਣ ਦੀ ਜੋ ਉਨ੍ਹਾਂ ਦੇ ਜਾਣ ਤੋਂ ਬਾਅਦ ਮੇਰੇ ਸਿਰ ਪੈਗੀ.......

         ਜਿਉਂ ਹੀ ਕਣਕ ਧੋ ਕੇ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਨਲਕੇ ਦੀ ਹੱਥੀ ਮੇਰੇ ਸਿਰ ਦੇ ਵਿਚ ਇਸ ਤਰ੍ਹਾਂ ਲੱਗੀ ਜਿਵੇਂ ਬਾਬੇ ਨੇ ਆ ਕੇ ਡੰਡਾ ਮਾਰਿਆ ਹੋਵੇ .......ਇੱਕ ਗੁੱਸੇ ਭਰੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜਣ ਲੱਗੀ..... ਕਿਉਂ ਓਏ ਕਿਉਂ ਬੋਲਦਾ ਆਪਣੀ ਬੇਬੇ ਅੱਗੇ?

 .....ਇੱਕ ਕੰਮ ਕਰਨਾ ਹੁੰਦਾ ਉਹਦੇ ਲਈ ਵੀ ਮੌਤ ਪੈ ਜਾਂਦੀ ਏ ਤੈਨੂੰ.....

 ਹੈਂ .....ਹੈਂ .......ਇਹ ਤਾਂ ਬਾਬਾ ਜੀ ਦੀ ਅਵਾਜ ਸੀ...

 ਨਾ ਬਾਬਾ ਨਾ ਮੈਂ ਕਿੱਥੇ ਬੋਲਦਾਂ ਬੇਬੇ ਅੱਗੇ.... ਕਣਕ ਧੋ ਤਾ ਰਿਹਾਂ ਹਾਂ ਬੇਬੇ ਦਾ ਕਹਿਣਾ ਮੰਨ ਕੇ ।

ਓਏ ਬਿੱਜੂਆ ਕੀਹਦੇ ਨਾਲ ਬੋਲੀ ਜਾਨੈਂ ਤੂੰ ...ਕੰਮ ਕਰ ਆਪਣਾ ਕੰਮ...

ਜਦੋਂ ਦੇਖੋ ਗੱਲਾਂ ਹੀ ਗੱਲਾਂ ਕਰਦਾ ਰਹਿੰਦੈ...ਕਦੇ ਫ਼ੋਨ ਤੇ ਜੇ ਫ਼ੋਨ ਨੀ ਹੈਗਾ ਤਾਂ ਕੰਨ'ਚ ਟੂਟੀਆਂ (ਹੈਡ ਫ਼ੋਨ) ਲਾ ਲੈਂਦਾ।

 ਬੇਬੇ ਨੇ ਇਹ ਸਮਝਿਆ ਕਿ ਕਿਤੇ ਮੈਂ ਫੋਨ ਤੇ ਗੱਲਾਂ ਕਰ ਰਿਹਾ ਹਾਂ ।

           ਹਾਂ ਬਿੱਜੂ ਸ਼ਬਦ ਨੇ ਇਕ ਵਾਰੀ ਫੇਰ ਮੈਨੂੰ ਬਾਬਾ ਜੀ ਦੀ ਯਾਦ ਦਿਵਾ ਦਿੱਤੀ ਇਹ ਬਾਬਾ ਜੀ ਦਾ ਪੈੱਟ ਸਬਦ ਸੀ....ਜਦੋਂ ਵੀ ਕੋਈ ਸ਼ਰਾਰਤ ਕਰਨੀ ਤਾਂ ਬਾਬਾ ਜੀ ਨੇ ਝੱਟ ਕਹਿਣਾ ਉਏ ਬਿੱਜੂਆ ਉਹ ਨ੍ਹੀਂ ਆਹ ਕਰ.... ਆ ਨੀ ਉਹ ਕਰ ।"

ਜਦੋਂ ਕਣਕ ਧੋ ਕੇ ਮੰਜਿਆਂ ਉੱਤੇ ਪਾਈ ਤਾਂ ਬਹੁਤ ਸਾਰੀ ਕਣਕ ਮੰਜਿਆਂ ਤੋਂ ਥੱਲੇ ਖਿੰਡ ਗਈ । ਜਦੋਂ ਬੇਬੇ ਨੇ ਬਾਬੇ ਵਾਂਗੂੰ ਮੰਜਿਆਂ ਦੇ ਆਲ਼ੇ-ਦੁਆਲ਼ੇ ਗੇੜਾ ਲਗਾਇਆ ਤੇ ਆ ਖਿੰਡੀ ਕਣਕ ਦੇਖੀ ਤਾਂ ਉਹ ਬਾਬੇ ਵਾਂਗ ਗੁੱਸੇ ਵਿੱਚ ਬੋਲੀ," ਉਏ ਬਿੱਜੂਆ ਤੈਨੂੰ ਅਕਲ ਕਦੋਂ ਆਊ , ਕਿੰਨੀ ਖਿੰਡਾ ਦਿੱਤੀ ਕਣਕ? ਤੈਨੂੰ ਪਤਾ ਨ੍ਹੀਂ ਦਾਣੇ-ਦਾਣੇ ਦਾ ਕਿੰਨਾ ਮੁੱਲ ਹੁੰਦਾ ਏ?

ਬੇਬੇ ਦੇ ਬੋਲ ਸੁਣ ਮੈਂ ਅੰਦਰ ਤਕ ਡਰ ਗਿਆ ਸਾਂ , ਡਰਦਾਂ ਵੀ ਕਿਉਂ ਨਾ?.... ਉਹੀ ਬੋਲ ......ਉਹੀ ਬੋਲ ਜਿਹੜੇ ਮੇਰੇ ਬਾਬਾ ਜੀ ਬੋਲਦੇ ਸੀ .....ਹੈਂ... ਹੈਂ... ਕਿਤੇ ਬਾਬਾ ਤਾਂ ਨੀ ਆ ਗਿਆ ਬੇਬੇ ਵਿਚ ?"

ਉਹ ਨਹੀਂ..... ਨਹੀਂ ਇਹ ਕਿੱਦਾਂ ਹੋ ਸਕਦਾ? ਮਰੇ ਹੋਏ ਨਹੀਂ ਆਉਂਦੇ ਮੁੜ੍ਹਕੇ ਦੁਨੀਆਂ ਤੇ ਪਰ ਮੈਨੂੰ ਵੀ ਤਾਂ ਅੱਜ ਇਕ ਅਜੀਬ ਕਿਸਮ ਦੀਆਂ ਆਵਾਜ਼ਾਂ ਸੁਣੀਆਂ ਸੀ ਕੰਨਾਂ ਵਿੱਚ ਤੇ ਹੁਣ ਬੇਬੇ ਨੇ ਵੀ ਉਹੀ ਬਾਬੇ ਆਲ਼ੇ ਬੋਲ ਬੋਲੇ ਨੇ .... ਓਏ ਨਈਂ .. ਕਿਉਂ ਪਾਗਲ ਬਣਿਆ, ਨਹੀਂ ਆਉਂਦਾ ਕੋਈ ਮੋਇਆ ਧਰਤੀ ਤੇ ਮੁੜ੍ਹਕੇ...... ਮੈਂ ਆਪਣੇ ਆਪ ਨੂੰ ਹੀ ਸਮਝਾਇਆ ।

       ਪਤਾ ਨੀ ਬੇਬੇ ਨੂੰ ਵੇਖ ਕਿਉਂ ਇੱਕ ਅਜੀਬ ਕਿਸਮ ਦਾ ਡਰ ਲੱਗ ਰਿਹਾ ਸੀ ....ਗਰਮੀ ਦੇ ਦਿਨ ਸੀ..... ਜੂਨ ਦੀਆਂ ਛੁੱਟੀਆਂ ਸਨ ਤੇ ਦੁਪਹਿਰਾ ਵੀ ਐਨ ਤਪਿਆ ਪਿਆ ਸੀਗਾ ਜਿਸ ਨੂੰ ਵੇਖ ਮੇਰੇ ਮਨ ਵਿੱਚ ਇਹ ਡਰ ਹੋਰ ਪੱਕਾ ਹੋ ਗਿਆ ਕਿ ਦੁਪਹਿਰੇ ਵਾਸਾ ਹੁੰਦਾ ਭੂਤਾਂ ਦਾ ਦੁਪਹਿਰੇ ,ਜਦੋਂ ਦੁਪਹਿਰਾ ਟਿਕਿਆ ਹੋਵੇ ... 

ਮੈਂ ਕਣਕ ਦਾ ਕੰਮ ਛੇਤੀ ਮੁਕਾ ਆਪਣੇ ਕਮਰੇ ਵਿੱਚ ਚਲਾ ਗਿਆ । ਥਕਾਵਟ ਹੋਣ ਕਾਰਨ ਮੰਜੇ ਤੇ ਡਿੱਗਦਿਆਂ ਹੀ ਨੀਂਦ ਆ ਗਈ। ਨੀਂਦ ਕਾਹਦੀ ਉਹੀ ਗੱਲਾਂ ਸੁਪਨਿਆਂ ਵਿੱਚ ਸਟਾਰਟ ਹੋਈਆਂ ਜੋ ਅਕਸਰ ਬਾਬਾ ਜੀ ਤੋਂ ਸੁਣਦੇ ਸੀ। ਕੇਰਾਂ ਬਾਬਾ ਜੀ ਨੇ ਦਾਣਾ - ਪਾਣੀ ਵਿਸ਼ੇ ਤੇ ਇਕ ਲੰਮੀ ਚੌੜੀ ਗੱਲ ਮੇਰੇ ਨਾਲ ਸਾਂਝੀ ਕੀਤੀ ਸੀ।

 ਗੁਰਬਾਣੀ ਵਿੱਚ ਪਰਪੱਕ ਬਾਬਾ ਜੀ ਨੂੰ ਇਕ ਵਾਰੀ ਮੈਂ ਸਵਾਲ ਕੀਤਾ ਸੀ ਕਿ ਬਾਬਾ ਜੀ ਮੈਨੂੰ ਇਸ ਗੱਲ ਦੀ ਦੁਵਿਧਾ ਹੈ ਕਿ ਪਰਮਾਤਮਾ ਪੱਥਰਾਂ ਵਿੱਚ ਕਿਵੇਂ ਦੇ ਸਕਦਾ ਹੈ ਕਿਸੇ ਜੀਵ ਨੂੰ ਖਾਣਾ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਬਾ ਜੀ ਨੂੰ ਜ਼ੁਬਾਨੀ ਯਾਦ ਸੀ। ਇਸ ਤੋਂ ਇਲਾਵਾ ਕੁਰਾਨ ਸਰੀਫ਼ ਤੇ ਗੀਤਾ ਦਾ ਉਨ੍ਹਾਂ ਨੂੰ ਬਹੁਤ ਡੂੰਘਾ ਗਿਆਨ ਪ੍ਰਾਪਤ ਸੀ ।

ਉਨ੍ਹਾਂ ਨੇ ਆਪਣੇ ਗਿਆਨ ਦੇ ਸਮੁੰਦਰ ਵਿੱਚੋਂ ਚੁੱਭੀ ਮਾਰ ਦਿਆਂ ਮੈਨੂੰ ਕੁਝ ਗੱਲਾਂ ਦੱਸੀਆਂ ਜੋ ਸੁਪਨੇ ਬਣ ਮੇਰੇ ਦਿਮਾਗ ਵਿੱਚ ਚੱਲਣ ਲੱਗੀਆਂ

        ਇਹ ਗੱਲ 1941 ਦੇ ਆਸ ਪਾਸ ਦੀ ਹੈ ਜਦੋਂ ਜਰਮਨ ਫ਼ੌਜਾਂ ਰੂਸ ਤੇ ਕਬਜ਼ਾ ਕਰਨ ਲਈ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀਆਂ ਸੀ।ਜਰਮਨੀ ਫ਼ੌਜਾਂ ਨੇ ਬਹੁਤ ਜ਼ਿਆਦਾ ਨੁਕਸਾਨ ਕਰਤਾ ਸੀ ਰੂਸ ਦੇ ਵਿੱਚ .... ਵਿਸ਼ਾਲ ਰੂਸ ਦਾ ਸ਼ਾਸਕ ਸਟਾਲਨ ਸਿਰਫ਼ ਰੱਖਿਆਤਮਕ ਨੀਤੀ ਨਾਲ ਕੰਮ ਕਰ ਰਿਹਾ ਸੀ ਉਹ ਸਿਰਫ਼ ਆਪਣੇ ਲੋਕਾਂ ਨੂੰ ਕਹਿ ਰਿਹਾ ਸੀ ਕਿ ਜਿਹੜੇ ਵੀ ਪਿੰਡ ਦੇ ਵਿੱਚ ਲੋਕ ਉੱਜੜ ਕੇ ਦੂਜੇ ਪਾਸੇ ਜਾਣ ਤਾਂ ਉਹ ਆਪਣੇ ਘਰ ਦਾ ਅਨਾਜ ਤੇ ਘਰਾਂ ਨੂੰ ਅੱਗ ਲਾ ਦੇਣ ਤਾਂ ਕਿ ਜਰਮਨ ਫੌਜੀ ਉਨ੍ਹਾਂ ਦੀ ਵਰਤੋਂ ਨਾ ਕਰ ਸਕਣ ।

         ਬਈ ਲਾਣੇਦਾਰੀ ਤਾਂ ਘਰ ਦੀ ਨ੍ਹੀਂ ਮਾਣ .....ਉਹ ਤਾਂ ਪੂਰੇ ਜਰਮਨ ਦਾ ਸ਼ਾਸਕ ਸੀ ਹਿਟਲਰ.. ਹਿਟਲਰ ਉਹ ਹਿਟਲਰ ਜਿਸ ਨੂੰ ਵੇਖ ਕੇ ਲੋਕ ਥਰ ਥਰ ਕੰਬ ਦੇ ਸੀ। ਬਈਆ ਕੱਬਾਪਣ ਵੀ ਲੈ ਬਹਿੰਦਾ ਬੰਦੇ ਨੂੰ..... ਬੰਦੇ ਨੂੰ ਮੰਨ ਲੈਣੀ ਚਾਹੀਦੀ ਹੈ ਦੂਜਿਆਂ ਦੀਆਂ ਗੱਲਾਂ.... ਪਰ ਕਿੱਥੇ ਮੰਨਦਾ ਦੀ ਮਾਂ ਦਾ ਪੁੱਤ...... ਚੜ੍ਹਾਈ ਫੁੱਲ ਸੀ ਉਸ ਟੈੱਮ ਹਿਟਲਰ ਦੀ......

ਮਿਸਟਰ ਹਾਰਡਨ ਦੀ ਅਗਵਾਈ ਵਿੱਚ ਰੂਸੀ ਬਟਾਲੀਅਨ ਮਾਸਕੋ ਤੋਂ ਕੋਈ ਤਿੰਨ ਸੌ ਕਿਲੋਮੀਟਰ ਦੂਰ ਕਿਸੇ ਅਣਪਛਾਤੇ ਟਿਕਾਣੇ ਤੇ ਆਪਣਾ ਡੇਰਾ ਜਮਾ ਰਹੇ ਸੀ ..... ਘੇਰਾਬੰਦੀ ਇਸ ਤਰ੍ਹਾਂ ਕੀਤੀ ਗਈ ਸੀ ਕਿ ਜਰਮਨ ਫ਼ੌਜਾਂ ਦਾ ਇਸ ਘੇਰੇ ਨੂੰ ਤੋੜਨਾ ਨਾਮੁਮਕਨ ਹੀ ਸੀ.... ਪੰਜਾਹ ਸੈਨਿਕਾਂ ਦੀ ਛੋਟੀ ਜਿਹੀ ਟੁਕੜੀ ਨੂੰ ਮਿਸਟਰ ਹਾਰਡਨ ਨਾਲ ਲੈ ਕੇ ਇੱਕ ਪਹਾੜੀ ਖ਼ੇਤਰ ਵਿੱਚ ਵੱਸਦੇ ਛੋਟੇ ਜਿਹੇ ਕਸਬੇ ਵਿੱਚ ਜਾ ਰਿਹਾ ਸੀ ਜਿਸ ਦੇ ਨਾਲ ਪੰਜ ਕੁੱਕਾਂ ਦੀ ਟੀਮ ਸੀ। ਕੁੱਕਾਂ ਦੀ ਅਗਵਾਈ ਬੈਸਟ ਇੰਡੀਜ਼ ਮੂਲ ਦਾ ਮਿਸਟਰ ਹੈਡਨ ਕਰ ਰਿਹਾ ਸੀ।ਕਾਲਾ ਰੰਗ ਅੱਖਾਂ ਬਿੱਲੀਆਂ ਉੱਚਾ ਲੰਬਾ ਤੇ ਸਿਰੇ ਦਾ ਮਖੌਲੀਆ..... ਹੈਡਨ ਵਧੀਆ ਖਾਣਾ ਬਣਾਉਣ ਦੇ ਨਾਲ਼ ਸਭ ਨੂੰ ਇਸ ਤਰ੍ਹਾਂ ਹਸਾਉਂਦਾ ਕਿ ਘਰਾਂ ਤੋਂ ਦੂਰ ਬੈਠੇ ਸੈਨਿਕਾਂ ਨੂੰ ਕੁਝ ਪਲ ਸਾਰਾ ਦਿਨ ਦੀ ਟੈਂਸ਼ਨ ਤੋਂ ਅਰਾਮ ਮਿਲਦਾ ਗਲਾਕੜੀ ਵੀ ਇੰਨਾ ਕਿ ਖਾਣਾ ਘੱਟ ਤੇ ਗੱਲਾਂ ਵੱਧ ਕਰਦਾ।

ਮਿਸਟਰ ਹੈਡਨ ਇਧਰ ਆਓ .......ਆ ਰੋਟੀਆਂ ਤੂੰ ਹੀ ਬਣਾਈਆਂ ....  

ਮੈਂ ਕਈ ਦਿਨਾਂ ਤੋਂ ਵੇਖ ਰਿਹਾ ਹਾਂ ਕਿ ਤੂੰ ਰੋਟੀਆਂ ਵਿਚਕਾਰੋਂ ਕੱਚੀਆਂ ਰੱਖਦੈਂ ਵਿਚਕਾਰਲਾ ਹਿੱਸਾ ਐਨ ਸੈਂਟਰ ਪੁਆਇੰਟ ਤੋਂ.... ਬਈ ਸਾਰਾ ਦਿਨ ਮੌਤ ਤੋਂ ਬਚ ਕੇ ਆਈਦਾ ਤੇ ਮਸਾਂ ਖਾਣਾ ਮਿਲਦਾ ਤੇ ਜੇ ਉਹ ਵੀ ਕੱਚਾ ਮਿਲੇ ਤਾਂ ਮਿਸਟਰ ਹੈਡਨ ਇਹ ਤਾਂ ਕੋਈ ਗੱਲ ਨਾ ਬਣੀ...

ਕੋਈ ਗੱਲ ਨਹੀਂ ਸਰ ਕੱਲ ਤੋਂ ਧਿਆਨ ਰੱਖਾਂਗਾ ...ਮੈਂ ਬਹੁਤ ਕੋਸ਼ਿਸ਼ ਕਰਦਾ ਕਿ ਵਧੀਆ ਖਾਣਾ ਬਣੇ ਪਰ ਜਨਾਬ ਤੁਸੀਂ ਨੁਕਸ ਈ ਕੱਢਦੇ ਰਹਿੰਦੇ ਹੋ...ਆ ਮੈਂ ਤਾਂ ਆਪਣਾ ਰੰਗ ਵੀ ਕਾਲ਼ਾ ਕਰ ਲਿਆ ਰੋਟੀਆਂ ਸੇਕ-ਸੇਕਕੇ...ਇਹ ਵੀ ਕਿਸੇ ਕੁਰਬਾਨੀ ਨਾਲ਼ੋ ਘੱਟ ਨਹੀਂ ਅਜੇ ਇੱਕੀਵਾਂ ਸਾਲ ਏ ਜਨਾ੍ਬ ਜੇ ਮੈਂ ਇਸੇ ਤਰ੍ਹਾਂ ਰੋਟੀਆਂ ਸੇਕਦਾ ਰਿਹਾ ਤੇ ਰੰਗ ਕਾਲ਼ਾ ਕਰਦਾ ਰਿਹਾ ਤਾਂ ਕੌਣ ਕਰੂ ਵਿਆਹ ਮੇਰੇ ਨਾਲ਼?" 

ਸਰ ਇਹ ਭੇਡਾਂ ਚਾਰਨ ਵਾਲੀ ਵੱਲ ਨਿਗ੍ਹਾ ਵੱਧ ਰੱਖਦੈ ਜਿਹੜੀ ਆਪਣੇ ਸਾਹਮਣੇ ਆਉਂਦੀ ਹੈ ....ਮੈਂ ਦੇਖਦਾ ਧਿਆਨ ਏਧਰ-ਓਧਰ ਹੁੰਦਾ ਜਦੋਂ ਰੋਟੀਆਂ ਬਣਾਉਂਦਾ ਇਹ.....

ਮਿਸਟਰ ਹੈਡਨ ਬਈ ਤੇਰਾ ਗੋਰਾ ਰੰਗ ਤਾਂ ਮੈਂ ਸੁਪਨੇ'ਚ ਵੀ ਨਹੀਂ ਵੇਖਿਆ.....ਆ ਸਾਡੇ ਨਾਲ਼ ਰਹਿਕੇ ਗੋਰੇ ਰੰਗ ਦੀ ਝਲਕ ਜ਼ਰੂਰ ਪੈਣ ਲੱਗੀ ਏ ਤੇਰੇ'ਚ

  ਚਲੋ ਛੱਡੋ ਰੋਟੀਆਂ ਈ ਕੱਚੀਆਂ ਬਣਾਉਂਦਾ ਬਾਕੀ ਰੰਗ ਤਾਂ ਪੂਰਾ ਪੱਕਾ ਵੀਰ ਦਾ............ਬਈ ਬਾਕੀ ਸਾਰੇ ਖਾਣੇ ਤਾਂ ਪੂਰੇ ਘੈਂਟ ਬਣਾਉਂਦਾ ਏ ਸਾਡਾ ਕਾਲ਼ੂ.......

ਬਈ ਛੇਤੀ ਖਾਓ ਖਾਣਾ ਅੱਜ ਦਾ ਦਿਨ ਸਖ਼ਤ ਏ ਆਪਣੇ ਲਈ....... ਜਰਮਨ ਫੌਜਾਂ ਬੜੀ ਤੇਜ਼ੀ ਨਾਲ ਅੱਗੇ ਵਧ ਰਹੀਆਂ ਨੇ ਇਸ ਲਈ ਹੋ ਸਕਦਾ ਕਿ ਆਪਾਂ ਨੂੰ ਇਹ ਟਿਕਾਣਾ ਛੱਡਣਾ ਪਵੇ .......ਮਿਸਟਰ ਹੈਡਨ ਤੂੰ ਵੀ ਧਿਆਨ ਨਾਲ ਸੁਣਲੈ... ਅੱਜ ਤੇਰੀਆਂ ਰੋਟੀਆਂ ਪੱਕੀਆਂ ਹੋਣੀਆਂ ਚਾਹੀਦੀਆਂ ਨੇ ਕੱਚੀਆਂ ਨਹੀਂ ਚਾਹੀਦੀਆਂ... ਉਹ ਜਦੋਂ ਤੂੰ ਸਾਰਾ ਕੁੱਝ ਵਧੀਆ ਬਣਾਉਣਾ ਤਾਂ ਰੋਟੀਆਂ ਵਿਚਕਾਰੋਂ ਹੀ ਕਿਉਂ ਕੱਚੀਆਂ ਛੱਡਦਾ ਹੈਂ... ਸੇਕ ਲਵਾ ਲਿਆ ਕਰੋ ਜਨਾਬ ਸਹੀ ਢੰਗ ਨਾਲ...

ਸਰ ਮੈਂ ਤਾਂ ਚੰਗੀ ਤਰ੍ਹਾਂ ਲਵਾਉਣਾ ਸੇਕ ਫਿਰ ਵੀ ਪਤਾ ਨਹੀਂ ਕਿਉਂ ....ਮੈਂਨੂੰ ਤਾਂ ਆਪ ਸਮਝ ਨਹੀਂ ਆਉਂਦੀ ਕਿਉਂ ਰਹਿ ਜਾਂਦੀਆਂ ਨੇ ਕੱਚੀਆਂ .....?

               ਜਿਉਂ ਹੀ ਪਲਟਨ ਰਵਾਨਾ ਹੋਈ ਉਸਤੋਂ ਬਾਅਦ ਮਿਸਟਰ ਹੈਡਨ ਰੋਟੀਆਂ ਦੇ ਪੱਥਰ ਵਾਲੇ ਤਵੇ ਨੂੰ ਉੱਪਰ ਚੱਕ ਧਿਆਨ ਨਾਲ ਦੇਖਣ ਲੱਗਾ ਕਿ ਅਜਿਹਾ ਕਿਉਂ ਹੋ ਰਿਹਾ ਏ ?... ਯਾਰ ਤੈਨੂੰ ਹੀ ਕੁਝ ਕਰਨਾ ਪੈਣਾ ਨਹੀਂ ਅੱਜ ਮਿਸਟਰ ਹਾਰਡਨ ਤੈਨੂੰ ਫੇਰ ਝਿੜਕੇਗਾ.... ਇਸ ਲਈ ਤੂੰ ਹੀ ਕਰ ਹੀਲਾ ਕੋਈ... ਉਹ ਉਹ ਪੱਥਰ ਦੇ ਤਵੇ ਨੂੰ ਉੱਪਰ ਚੱਕ ਧਿਆਨ ਨਾਲ ਵੇਖ ਰਿਹਾ ਸੀ .....ਕੋਈ ਯਾਰ ਤਵਾ ਵੀ ਠੀਕ ਐ ਕਿਸੇ ਪਾਸਿਆਂ ਤੋਂ ਟੁੱਟਿਆ ਵੀ ਨਹੀਂ ਹੈ ....ਸਾਰਾ ਕੁਝ ਠੀਕ ਐ....ਫੇਰ ਕਿਉਂ ਰਹਿੰਦੀਆਂ ਨੇ ਕੱਚੀਆਂ ਰੋਟੀਆਂ ...?

ਅੱਜ ਹੈਡਨ ਨੂੰ ਮਿਸਟਰ ਹਾਰਡਨ ਦੇ ਉਹ ਬੋਲ ਵਾਰ ਵਾਰ ਚੇਤੇ ਆ ਰਹੇ ਸੀ ਕਿ ਯਾਰ ਹੈਡਨ ਸਹੀ ਢੰਗ ਨਾਲ ਬਣਾਇਆ ਕਰ ਖਾਣਾ ਕਿਉਂਕਿ ਪਤਾ ਨਹੀਂ ਕਦੋਂ ਤੁਰ ਜਾਣਾ ਇਸ ਜਹਾਨੋਂ....? ਤੇਰੇ ਹੱਥਾਂ ਦੀਆਂ ਹੀ ਤਾਂ ਖਾਣੀਆਂ ਨੇ ਆਖ਼ਰੀ ਸਮੇਂ.... ਵਧੀਆ ਬਣਾ ਕੇ ਦਿਆ ਕਰ... ਹੁਣ ਘਰਦੀਆਂ ਤਾਂ ਖਾਣ ਨੂੰ ਮਿਲਦੀਆਂ ਨਹੀਂ.... ਇਸ ਲਈ ਯਾਰ ਮੈਂ ਤੈਨੂੰ ਇਕ ਪਾਸੇ ਲਿਜਾ ਕੇ ਤਾਈਂ ਕਹਿ ਰਿਹਾ ਕਿ ਸਾਰੇ ਕਹਿ ਰਹੇ ਨੇ ਕਿ ਤੂੰ ਖਾਣਾ ਵਧੀਆ ਨਹੀਂ ਬਣਾਉਂਦਾ... ਕੱਚਾ ਬਣਾਉਣਾ ...ਸਹੀ ਢੰਗ ਨਾਲ ਬਣਾਇਆ ਕਰ... ਹੁਣ ਤੂੰ ਹੀ ਤਾਂ ਦੇਖ ਲੈ ਪੰਜਾਹ ਪਲਟਨ ਦੀ ਟੁਕੜੀ ਵਿੱਚੋਂ ਆਪਾਂ ਚਾਲ਼ੀ ਜਣੇ ਰਹਿਗੇ... ਦਸ ਤੁਰਗੇ ਨੇ ਇਸ ਜਹਾਨੋਂ...ਇਸ ਕਰਕੇ ਖਾਣਾ ਤਾਂ ਵਧੀਆ ਖਾ ਕੇ ਜਾਣ ਇਸ ਜੱਗ ਤੋਂ....ਅੱਜ ਸ਼ਾਮੀਂ ਰੋਟੀਆਂ ਵਧੀਆ ਬਣਾਈ ਰੱਜ ਕੇ ਖਾਣੀਆਂ ਨੇ ਮੈਂ ਰੱਜ ਕੇ ।"

  ਹਾਂ-ਹਾਂ-ਹਾਂ ਸਰ ਠੀਕ ਕਹਿ ਰਹੇ ਨੇ ਮੈਂ ਅੱਜ ਸਿਰਤੋੜ ਕੋਸ਼ਿਸ਼ ਕਰਾਂਗਾ ਕਿ ਕੋਈ ਵੀ ਰੋਟੀ ਕੱਚੀ ਨਾ ਰਹੇ ਹੈ... ਬਾਕੀ ਖਾਣਾ ਵਧੀਆ ਬਣਦਾ ਹੈ ਇਹ ਰੋਟੀਆਂ ਕਿਉਂ ਕੱਚੀਆਂ ਰਹਿੰਦੀਆਂ ਨੇ ਵਿਚਕਾਰੋਂ ਜਦ ਕਿ ਸੇਕ ਤਾਂ ਵਿਚਾਲੇ ਸਭ ਤੋਂ ਵੱਧ ਹੁੰਦਾ ਅੱਗ ਦਾ...

  ਅੱਜ ਜਿਉਂ ਹੀ ਪਲਟਨ ਵਾਪਸ ਆਪਣੇ ਕੈਂਪ ਵੱਲ ਆ ਰਹੇ ਸੀ ਤਾਂ ਬੜਾ ਹੀ ਵੈਰਾਗ ਜਾ ਉਪਜ ਰਿਹਾ ਸੀ ਮਿਸਟਰ ਹੈਡਨ ਭੱਜ ਕੇ ਅੱਗੇ ਜਾਕੇ ਦੇਖਦਾ ਹੈ।

 ਹੈਂ... ਹੈਂ ...ਹੈਂ ..ਇਹ ਤਾਂ ਮਿਸਟਰ ਹਾਰਡਨ ਉਹ ਨੋ ਸਰ ਸ਼ਹੀਦ ਹੋ ਗਏ ਨੇ ਬਹੁਤ ਦੁੱਖ ਹੋਇਆ.... ਬਹੁਤ ਦੁੱਖ ਹੋਇਆ..... ਸਰ ਮੁਆਫ਼ ਕਰਿਓ ਮੈਂ ਤੁਹਾਡੀ ਆਸ ਪੂਰੀ ਨਹੀਂ ਕਰ ਸਕਿਆ।

ਉੱਪਰੋਂ ਫੌਜ ਨੂੰ ਤੁਰੰਤ ਕੈਂਪ ਛੱਡਣ ਦਾ ਆਰਡਰ ਆ ਗਿਆ ਫੌਜ ਦੇ ਜਵਾਨਾਂ ਵਿਚ ਹਫੜਾ -ਦਫੜੀ ਮੱਚ ਗਈ । ਸਾਰੇ ਆਪੋ-ਆਪਣਾ ਸਾਮਾਨ ਇਕੱਠਾ ਕਰਨ ਲੱਗੇ । ਮਿਸਟਰ ਹੈਡਨ ਤੂੰ ਵੀ ਕਰ ਸਾਮਾਨ ਇਕੱਠਾ ਚਲੋ ਛੇਤੀ ਚੱਲੀਏ ...ਸੈਨਿਕਾਂ ਦੇ ਵਿਚਾਲੇ ਨਿਰਾਸ਼ ਖੜ੍ਹਾ ਹੈਡਨ ਜਿਉਂ ਹੀ ਪੱਥਰ ਦਾ ਤਵਾ ਚੁੱਕਣ ਲੱਗਾ ਤਾਂ ਉਹ ਬਹੁਤ ਹੀ ਭਾਵੁਕ ਸੀ ਮਾਫ਼ ਕਰਨਾ ਸਾਥੀਓ ਮੈਂ ਅੱਜ ਤਕ ਤੁਹਾਨੂੰ ਕੱਚਾ ਖਾਣਾ ਖਿਲਾਇਆ ਪਤਾ ਨਹੀਂ ਕਿਉਂ ? ਮੈਂ ਇਹ ਤਵਾ ਅੱਗੇ ਨਹੀਂ ਲੈ ਕੇ ਜਾਵਾਂਗਾ ਉਸ ਨੇ ਤਵਾ ਉੱਪਰ ਚੱਕਕੇ ਜਿਉਂ ਹੀ ਨੀਚੇ ਪੱਥਰ ਨਾਲ ਮਾਰਿਆ ਤਾਂ ਪੱਥਰ ਦੇ ਤਵੇ ਦੇ ਕਈ ਟੁਕੜੇ ਹੋ ਗਏ । ਹੈਂ.... ਹੈਂ..... ਹੈਂ ....ਸਾਥੀਓ ਆਓ ਦੇਖੋ ਕਿੱਡਾ ਵੱਡਾ ਸੁੰਡ ਨਿਕਲਿਆ ਤਵੇ ਦੇ ਵਿਚੋਂ .... ਦੇਖੋ.. ਦੇਖੋ.. ਦੇਖੋ.. ਤੁਸੀਂ ਮੈਨੂੰ ਦੋਸ਼ ਦਿੰਦੇ ਸੀ ਕਿ ਰੋਟੀ ਵਿਚਕਾਰੋਂ ਕਿਉਂ ਕੱਚੀ ਰਹਿੰਦੀ ਹੈ ਦੇਖੋ ....ਇਸ ਸੁੰਡ ਦੇ ਕਾਰਣ ਹੀ ਰੋਟੀ ਕੱਚੀ ਰਹਿੰਦੀ ਹੈ... ਮੈਂ ਹੈਰਾਨ ਹਾਂ ਕੀ ਇਹ ਤਵੇ ਦੇ ਵਿਚਕਾਰ ਰਹਿ ਕੇ ਅੱਗ ਤੇ ਉੱਤੇ ਰਹਿ ਕੇ ਵੀ ਕਿਵੇਂ ਬਚਿਆ ਰਿਹਾ.... ਇਸ ਨੂੰ ਭੋਜਨ ਕੌਣ ਦਿੰਦਾ ਹੈ ?....ਇਹ ਕੀ ਖਾਂਦਾ ਹੋਣਾ ਹੈ .....ਦੇਖੋ ਮੈਂ ਹੈਰਾਨ ਹਾਂ।

    ਸਾਰੇ ਸੈਨਿਕ ਵੀ ਹੈਰਾਨ ਸੀ ਕਿ ਤਵੇ ਦੇ ਵਿਚਕਾਰ ਸੁੰਡ ਕਿਵੇਂ ਜਿਉਂਦਾ ਰਹਿ ਸਕਦਾ ?.... ਚਲੋ ...ਚਲੋ... ਚਲੋ ਬਈ ਗੱਲਾਂ ਕਰਨ ਦਾ ਸਮਾਂ ਨਹੀਂ ਜਰਮਨ ਫੌਜਾਂ ਬੜੀ ਤੇਜ਼ੀ ਨਾਲ ਅੱਗੇ ਵਧ ਰਹੀਆਂ ਨੇ । ਸਾਰੀ ਪਲਟਨ ਆਪਣਾ ਟਿਕਾਣਾ ਛੱਡ ਬਾਕੀ ਬਚੇ ਸਾਮਾਨ ਨੂੰ ਅੱਗ ਲਗਾ ਕੇ ਪਿੱਛੇ ਵਾਪਸ ਜਾ ਰਹੀ ਸੀ  

ਹੁਣ ਤੂੰ ਦੇਖਿਆ ਪੁੱਤ ਗੁਰਬਾਣੀ ਵਿਚ ਸਾਫ ਲਿਖਿਆ ਕਾਹੇ ਰੇ ਮਨ ਚਿਤਵਹਿ ਉਦਮੁ ਜਾਂ ਆਹਰਿ ਹਰ ਜੀਉ ਪਰਿਆ।।

 ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ।।

  ਇਸੇ ਨੂੰ ਤਾਂ ਕਹਿੰਦੇ ਨੇ ਪੁੱਤ ਦਾਣਾ-ਪਾਣੀ... ਜਿੰਨਾ ਜਿਸ ਦਾ ਲਿਖਿਆ ਉਸ ਨੇ ਹਰ ਹੀਲੇ ਖਾਣਾ ਹੀ ਖਾਣਾ ਹੈ ਇਸ ਲਈ ਪੁੱਤ ਬਾਣੀ ਪੜ੍ਹਿਆ ਕਰ ਬਾਣੀ ...ਪੁੰਨ ਦਾਨ ਕਰਿਆ ਕਰ.... ਪ੍ਰਮਾਤਮਾ ਵਿਚ ਵਿਸ਼ਵਾਸ ਰੱਖਿਆ ਕਰ.. ਜਿਹੜਾ ਪੱਥਰਾਂ ਚ ਵੀ ਦਿੰਦਾਂ ਖਾਣ ਨੂੰ ... ਬਾਣੀ ਪੜ੍ਹਿਆ ਕਰ ਬਾਬੇ ਨਾਨਕ ਦੀ... ਸਮਝ ਗਿਆਂ ਕਿ ਨਾ.... ਇਹੀ ਹੁੰਦਾ ਏ ਦਾਣਾ-ਪਾਣੀ ...ਮੇਰੇ ਬਾਬਾ ਜੀ ਮੈਨੂੰ ਇਹ ਕਹਾਣੀ ਸੁਣਾ ਹਮੇਸ਼ਾ ਬਾਣੀ ਪੜ੍ਹਨ ਦਾ ਉਪਦੇਸ਼ ਦਿੰਦੇ ।

"ਵੇ...ਪੱਤ ਬੀਰਪਾਲ ਉਠ ਵੇ ....ਕਿਉਂ ਕੁੰਭਕਰਨੀ ਨੀਂਦ ਸੁੱਤਾ ਪਿਆਂ ?" ਤੈਨੂੰ ਇੱਕ ਚੀਜ਼ ਦਿਖਾਵਾਂ ....ਆ ਛੇਤੀ।''

  ਮੈਂ ਨ੍ਹੀਂ ਆਉਂਣਾ ਬੇਬੇ ....ਮੈਂ ਤਾਂ ਸੌਣਾ ਅਜੇ ਥੱਕ ਗਿਆ ਕਣਕ ਧੋ-ਧੋ ਕੇ... ਹੁਣ ਸੋਂ ਲੈਣ ਦੇ ਮੈਨੂੰ ।"

ਓਏ ਬਿਜੂਆ ਉੱਠਦਾ ਕਿ ਨਹੀਂ... ਬੁਲਾਵਾਂ ਤੈਨੂੰ ਬੇਬੇ ਅੱਗੇ... ਲਾਵਾਂ ਤੇਰੀ ਚੰਡ ...

ਹੈਂ....ਹੈਂ ....ਹੈਂ ਇਹ ਕੀ ਹੋ ਰਿਹਾ ਅੱਜ ਇਹ ਤਾਂ ਫਿਰ ਬਾਬੇ ਦੀ ਆਵਾਜ਼ ਕੰਨਾਂ ਵਿੱਚ....

ਮੈਂ ਡਰ ਕੇ ਉੱਠਦਾ ਹਾਂ .....।

ਓਏ ਆ ਜਾ ਸੁਣਦਾ ਕਿਉਂ ਨੀ ਤੂੰ... ਸਮਾਂ ਲੰਘ ਜਾਣਾ... ਦਿਖਾਵਾਂ ਤੈਨੂੰ ਇੱਕ ਚੀਜ਼ ....

ਹਾਂ...ਹਾਂ.... ਹਾਂ ਬੇਬੇ ਦੱਸ ਕੀ ਦਿਖਾਉਣਾ ਐਵੇਂ ਰੌਲਾ ਪਾਈ ਜਾਨੀ ਏਂ ਤੂੰ ?"

ਵੇ ਰੌਲ਼ੇ ਦਿਆ ਲੱਗਦਿਆ... ਆਹ ਦੇਖ ਕੀੜੀਆਂ ਕਿਵੇਂ ਦਾਣਾ ਲਈ ਜਾਂਦੀਆਂ ਨੇ ਕਣਕ ਦਾ ...

ਉੱਪਰੋਂ ਦੇਖ ਬਦਲ ਵੀ ਕਿਵੇਂ ਆ ਰਿਹੈ... ਮੀਂਹ ਆਉਣ ਵਾਲਾ.... ਕੀੜੀਆਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਮੀਂਹ ਪੈਣ ਵਾਲਾ... ਇਸ ਲਈ ਇਹ ਦਾਣਾ-ਪਾਣੀ ਪਹਿਲਾਂ ਹੀ ਇਕੱਠਾ ਕਰਨ ਲੱਗ ਜਾਂਦੀਆਂ ਨੇ ਖੁੱਡ ਵਿੱਚ .... ਆਪਾਂ ਨੇ ਪੁੱਤ ਕਣਕ ਧੋਣੀ ਸੀ ਤੇ ਇਨ੍ਹਾਂ ਕੀੜੀਆਂ ਲਈ ਦਾਣਾ ਪਾਣੀ ।"

 ਘਰ ਦੇ ਨਜ਼ਦੀਕ ਰਹਿਰਾਸ ਸਾਹਿਬ ਦਾ ਪਾਠ ਪੜ੍ਹ ਰਹੇ ਬਾਬਾ ਜੀ ਵੀ ਕਾਹੇ ਰੇ ਮਨ ਚਿਤਵੇ ਉਦਮ ਵਾਲੀ ਬਾਣੀ ਪੜ੍ਹ ਰਹੇ ਸੀ ਤੇ ਬੇਬੇ ਵੀ ਉਹੀ ਬੋਲ ਬੋਲ ਰਹੀ ਸੀ ਜੋ ਕੁੱਝ ਸਮੇਂ ਪਹਿਲਾਂ ਬਾਬਾ ਜੀ ਨੇ ਮੈਨੂੰ ਸੁਪਨੇ ਵਿੱਚ ਕਹੇ ਸੀ।ਅਜਿਹਾ ਲੱਗ ਰਿਹਾ ਸੀ ਜਿਵੇਂ ਬਾਬਾ ਫੇਰ ਬੇਬੇ ਵਿੱਚ ਆ ਗਿਆ ਹੋਵੇ।

ਮੈਂ ਬੇਬੇ ਦੀਆਂ ਗੱਲਾਂ ਸੁਣਨ ਦੇ ਨਾਲ਼-ਨਾਲ਼ ਕਣਕ ਇਕੱਠੀ ਕਰਨ ਲੱਗ ਜਾਂਦਾ ਹਾਂ।ਬੇਬੇ ਫੇਰ ਆਖਦੀ ਏ ਪੁੱਤ ਪੁੰਨ ਦਾਨ ਕਰਿਆ ਕਰ ਤੇ ਬਾਣੀ ਪੜ੍ਹਿਆ ਕਰ ਬਾਬੇ ਨਾਨਕ ਦੀ.....ਕਦੇ ਤੇਜ਼ੀ ਨਾਲ ਖੁੱਡ ਵੱਲ ਜਾ ਰਹੀਆਂ ਕਣਕ ਦਾ ਦਾਣਾ ਲਿਜਾ ਰਹੀਆਂ ਕੀੜੀਆਂ ਵੱਲ ਵੇਖ ਖੁਸ਼ ਹੋ ਦੋਵੇਂ ਹੱਥ ਜੋੜ ਗੁਰੂ ਘਰ ਵੱਲ ਕਰ ਕਹਿੰਦੀ ਏ.......ਵਾਹ!ਬਾਬਾ ਨਾਨਕਾ ਧੰਨ ਏ ਤੇਰੀ ਕੁਦਰਤ ਤੇ ਧੰਨ ਏ ਇਸ ਨੂੰ ਪਾਲਣ ਵਾਲਾ.....ਧੰਨ ਏ ਜਿਹੜਾ ਪੱਥਰਾਂ ਵਿੱਚ ਵੀ ਦਾਣਾ ਪਾਣੀ ਦਿੰਦਾ ਏ ਸਾਰਿਆਂ ਨੂੰ.........

ਬੀਰਪਾਲ ਸਿੰਘ ਅਲਬੇਲਾ

No comments:

Post a Comment