ਜ਼ਿੰਦਗੀ ਦਾ ਸਭ ਤੋਂ ਖ਼ੂਬਸੂਰਤ ਸਮਾਂ ਹੁੰਦਾ ਹੈ 'ਬਚਪਨ' ਜਦੋਂ ਮਨ ਇਕ ਪੰਛੀ ਦੀ ਤਰ੍ਹਾਂ ਝੂੰਮਦਾ-ਗਾਉਂਦਾ, ਉੱਡਦਾ ਫਿਰਦਾ ਹੈ। ਉਸ ਵਕਤ ਦੁਨੀਆਦਾਰੀ ਤੋਂ ਬੇਪਰਵਾਹ ਜ਼ਿੰਦਗੀ ਖੇਡ ਖਿਡੌਣਿਆਂ ਚ ਬੇਫ਼ਿਕਰੀ ਦਾ ਅਨੰਦ ਮਾਣ ਰਹੀ ਹੁੰਦੀ ਹੈ। ਭੋਲੇਪਣ ਦੇ ਇਹ ਖ਼ੂਬਸੂਰਤ ਪਲ਼ ਕਿਸੇ ਖਜ਼ਾਨੇ ਤੋਂ ਘਟ ਨਹੀਂ। ਪਰ ਕਦੀ ਕਦੀ ਹਾਲਾਤ ਇਨਸਾਨ ਨੂੰ ਬਚਪਨ ਵਿੱਚ ਹੀ ਇੰਨੇ ਕੌੜੇ ਅਨੁਭਵ ਕਰਵਾ ਦਿੰਦੇ ਨੇ ਜੋ ਸਾਰੀ ਉਮਰ ਨਹੀਂ ਭੁੱਲਦੇ ਤੇ ਨਾ ਹੀ ਭੁਲਦਾ ਹੈ ਫ਼ਰਕ ਦਾ ਫ਼ਰਕ।
ਮੈਨੂੰ ਅੱਜ ਵੀ ਯਾਦ ਹੈ ਤੀਸਰੀ ਜਮਾਤ ਦੇ ਉਹ ਦਿਨ, ਘਰ ਚ ਗ਼ਰੀਬੀ, ਸਮਾਜਿਕ ਵਿਤਕਰਾ ਤੇ ਇਸ ਸਭ 'ਚ ਅਣਭੋਲ ਜਿਹੀ ਮੈਂ । ਸਕੂਲ ਚ ਵਰਦੀ ਲੱਗੀ ਹੋਈ ਸੀ, ਸਫੇਦ ਕਮੀਜ਼ ਤੇ ਗ੍ਰੇ ਪੈਂਟ। ਰੋਜ਼ ਅਸੈਂਬਲੀ ਸਮੇਂ ਪੀ ਟੀ ਮਾਸਟਰ ਵਰਦੀ ਚੈਕ ਕਰਦੇ। ਮਾਂ ਹਰ ਰੋਜ਼ ਸਾਫ਼ ਸੁਥਰੇ ਤਰੀਕੇ ਨਾਲ ਤਿਆਰ ਕਰਕੇ ਭੇਜਦੀ ਸੀ। ਪੜ੍ਹਾਈ ਵਿੱਚ ਉਂਝ ਤਾਂ ਠੀਕ ਸੀ ਪਰ ਫਿਰ ਵੀ ਮੈਨੂੰ ਕਲਾਸ ਚ ਹਮੇਸ਼ਾ ਪਿਛਲੇ ਬੈਂਚ ਤੇ ਹੀ ਬਿਠਾਇਆ ਜਾਂਦਾ ਸੀ। ਅਗਲੇ ਬੈਂਚਾਂ ਤੇ ਅਧਿਆਪਕਾਂ ਦੇ ਬੱਚੇ ਜਾਂ ਫਿਰ ਅਮੀਰ ਘਰਾਂ ਦੇ ਜਵਾਕ ਹੀ ਬੈਠਦੇ ਸਨ। ਉਸ ਵਕ਼ਤ ਅੰਗਰੇਜ਼ੀ ਦੀ ਇਕ ਅਧਿਆਪਕਾ ਹੁੰਦੀ ਸੀ ਜੋ ਹਮੇਸ਼ਾ ਸਕੂਲ ਦੇ ਬੱਚਿਆਂ ਨੂੰ ਆਪਣੇ ਕੋਲ ਟਿਉਸ਼ਨ ਪੜ੍ਹਨ ਲਈ ਕਿਹਾ ਕਰਦੀ ਸੀ। ਘਰ ਦੇ ਹਾਲਾਤ ਠੀਕ ਨਹੀਂ ਸੀ ਇਸਲਈ ਮੇਰੇ ਟਿਉਸ਼ਨ ਵੱਲੋਂ ਪੁੱਛਣ ਤੇ ਪਿਤਾ ਜੀ ਨੇ ਸਾਫ਼ ਮਨਾ ਕਰ ਦਿੱਤਾ।
ਇਕ ਦਿਨ ਜਦ ਉਸ ਅਧਿਆਪਕਾ ਨੇ ਦੋਬਾਰਾ ਦਬਾਵ ਦਿੰਦੇ ਹੋਏ ਟਿਉਸ਼ਨ ਦਾ ਕਿਹਾ ਤਾਂ ਪਿਤਾ ਜੀ ਨੇ ਪ੍ਰਿੰਸੀਪਲ ਨੂੰ ਉਹਨਾਂ ਦੀ ਸ਼ਿਕਾਇਤ ਕਰ ਦਿੱਤੀ। ਪਰ ਇਹ ਸ਼ਿਕਾਇਤ, ਮੈਨੂੰ ਬਹੁਤ ਮਹਿੰਗੀ ਪਈ। ਆਨੇ-ਬਹਾਨੇ ਹੁਣ ਉਹ ਅਧਿਆਪਕਾ ਮੇਰੇ ਤੇ ਆਪਣੀ ਖਿੱਝ ਤੇ ਗੁੱਸਾ ਕੱਢਣ ਲੱਗ ਪਈ ਸੀ। ਕੰਮ ਪੂਰਾ ਕੀਤਾ ਹੋਣ ਦੇ ਬਾਵਜੂਦ ਉਸਨੇ ਕਲਾਸ ਚ ਮੇਰੇ ਨਾਲ ਬੁਰਾ ਸੁਲੂਕ ਕਰਨਾ ਸ਼ੁਰੂ ਕਰ ਦਿੱਤਾ।
ਮਹੀਨੇ ਦੇ ਆਖ਼ਰੀ ਸ਼ਨੀਵਾਰ ਦੇ ਦਿਨ ਹਰ ਕਲਾਸ ਚ ਬੱਚਿਆਂ ਦੇ ਮਨੋਰੰਜਨ ਲਈ ਇਕ ਪੀਰੀਅਡ ਹੁੰਦਾ ਸੀ ਜਿਸ ਵਿੱਚ ਹਰ ਬੱਚੇ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਦਾ ਸੀ। ਹਰ ਬੱਚਾ ਆਪਣੀ ਰੂਚੀ ਅਨੁਸਾਰ ਆਪਣੀ ਕਲਾ ਦਾ ਪ੍ਰਦਰਸ਼ਨ ਹੁੰਦਾ ਸੀ। ਮੈਂ ਬਹੁਤ ਝਿਜਕਦੀ ਸੀ, ਇਸਲਈ ਗੀਤ ਗਾਣੇ ਦੀ ਬਜਾਏ ਚਿੱਤਰਕਾਰੀ ਹੀ ਦਿਖਾ ਦਿੰਦੀ ਸੀ।
ਪਰ ਉਸ ਦਿਨ ਮਨੋਰੰਜਨ ਦਾ ਜਾਂ ਇਉਂ ਕਹਾਂ ਤਮਾਸ਼ੇ ਦਾ ਜ਼ਰੀਆ ਬਣੀ ਮੈਂ। ਜਦੋਂ ਸਾਰੇ ਬੱਚੇ ਆਪਣੀ ਕਲਾ ਦਿਖਾ ਰਹੇ ਸੀ ਤਾਂ ਪਿਛਲੇ ਬੈਂਚ ਤੇ ਬੈਠੀ ਮੈਂ, ਆਪਣੀ ਇਕ ਸਹੇਲੀ ਨਾਲ ਕਾਪੀ ਫੜ ਕੇ ਇੰਤਜ਼ਾਰ ਕਰ ਰਹੀ ਸੀ ਆਪਣੀ ਵਾਰੀ ਦਾ। ਉਸ ਪੀਰੀਅਡ ਚ ਦੋ ਵੱਖ ਵੱਖ ਅਧਿਆਪਕ ਹੁੰਦੇ ਸੀ, ਤੇ ਉਸ ਦਿਨ ਸਾਡੀ ਉਹੀ ਅੰਗਰੇਜ਼ੀ ਦੀ ਅਧਿਆਪਕਾ ਆਈ ਸੀ।
ਮੇਰੀ ਵਾਰੀ ਆਉਣ ਤੋਂ ਪਹਿਲਾਂ ਹੀ ਉਹ ਮੇਰੇ ਬੈਂਚ ਕੋਲ ਆਕੇ ਬੈਠ ਗਈ ਤੇ ਉਸਨੇ ਗ਼ੌਰ ਨਾਲ ਮੈਨੂੰ ਦੋ ਤਿੰਨ ਵਾਰ ਦੇਖਿਆ। ਫਿਰ ਦੂਸਰੀ ਅਧਿਆਪਕਾ ਨੂੰ ਬੁਲਾ ਕੇ ਉਸਦੇ ਕੰਨ ਚ ਕੁਝ ਕਿਹਾ। ਆਪਸ ਚ ਸਲਾਹ ਕਰਕੇ ਉਹਨਾਂ ਮੈਨੂੰ ਮੇਰੀ ਸੀਟ ਤੋਂ ਬਾਹਰ ਬੁਲਾ ਕੇ ਖੜਾ ਕੀਤਾ। ਮੈਂ ਖੁਸ਼ ਸੀ ਕਿ ਸ਼ਾਇਦ ਉਹਨਾਂ ਮੇਰੀ ਡਰਾਇੰਗ ਦੇਖੀ ਹੈ ਤੇ ਸਾਰੀ ਕਲਾਸ ਨੂੰ ਵਿਖਾਉਣਗੇ।
ਦਿਲ ਦੀ ਧੜਕਨ ਵਧ ਰਹੀ ਸੀ ਤੇ ਖੁਸ਼ੀ ਤੇ ਚਾਅ ਵੀ। ਮੈਡਮ ਨੇ ਮੇਰੀ ਵਰਦੀ ਬੂਟ ਤੇ ਨਾਖੁਨ ਦੇਖਣੇ ਸ਼ੁਰੂ ਕੀਤੇ। ਮੈਂ ਥੋੜੀ ਹੈਰਾਨ ਸੀ। ਫਿਰ ਉਹਨਾਂ ਮੇਰੀ ਟਾਈ ਉੱਪਰ ਕੀਤੀ ਤੇ ਪਿੱਛੇ ਨੂੰ ਕਰ ਕੇ ਕਲਾਸ ਵੱਲ ਮੇਰਾ ਮੂੰਹ ਕਰ ਦਿੱਤਾ। ਮੈਂ ਹੁਣ ਥੋੜਾ ਘਬਰਾ ਰਹੀ ਸੀ। ਮੇਰੀ ਕਲਾਸ ਦੇ ਮੌਨੀਟਰ ਨੂੰ ਬੁਲਾ ਕੇ ਪੁੱਛਿਆ ਕਿ ਇਸਦੀ ਕਮੀਜ਼ ਚ ਕੀ ਫ਼ਰਕ ਹੈ ? ਉਸਨੇ ਮੇਰੇ ਵੱਲ ਘੂਰ ਕੇ ਦੇਖਿਆ ਤੇ ਹੱਸਦੇ ਹੋਏ ਕਿਹਾ " ਮੈਡਮ ! ਬਟਨਾਂ ਦਾ ਫ਼ਰਕ"। ਚਿੱਟੀ ਕਮੀਜ਼ ਤੇ ਤਿੰਨ ਬਟਨ ਕਾਲੇ ਨੇ ਇਕ ਗ੍ਰੈ ਤੇ ਇਕ ਸਫੇਦ ਹੈ। ਇਹ ਸੁਣਦੇ ਸਾਰ ਹੀ ਅਧਿਆਪਕਾਂ ਦੇ ਨਾਲ ਨਾਲ ਸਾਰੀ ਕਲਾਸ ਵੀ ਉੱਚੀ ਉੱਚੀ ਹੱਸਣ ਲੱਗ ਪਈ। ਉਹ ਹਾਸਾ ਮੈਨੂੰ ਖਾਈ ਜਾ ਰਿਹਾ ਸੀ ਤੇ ਹੌਲ਼ੀ ਹੌਲ਼ੀ ਮੇਰੀ ਆਤਮਾ ਚ ਉਤਰਦਾ ਜਾ ਰਿਹਾ ਸੀ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ। ਉਸ ਅਧਿਆਪਕਾ ਨੇ ਕੌਲਰ ਤੋਂ ਖਿੱਚ ਕੇ ਮੈਨੂੰ ਖ਼ੁਦ ਵੱਲ ਨੂੰ ਖਿੱਚਦਿਆਂ ਪੁੱਛਿਆ ਕਿ ਤੇਰੀ ਮੰਮੀ ਨੂੰ ਚਿੱਟੇ ਤੇ ਕਾਲੇ ਦਾ ਫ਼ਰਕ ਨਹੀਂ ਪਤਾ ? ਮੈਂ ਉਸ ਸਵਾਲ ਦਾ ਜਵਾਬ ਦੇਣ ਦੇ ਕਾਬਿਲ ਨਹੀਂ ਸੀ ਪਰ ਉਹ ਸਵਾਲ ਮੇਰੇ ਕੰਨਾਂ ਚ ਗੂੰਜਣ ਲੱਗ ਪਿਆ। ਤੇ ਅਚਾਨਕ ਉਸ ਸਵਾਲ ਦੀ ਗੂੰਜ ਉੱਤੇ, ਮੇਰੇ ਗੱਲਾਂ ਤੇ ਛੱਡੇ ਗਏ ਥੱਪੜ ਦੀ ਗੂੰਜ ਹਾਵੀ ਹੋ ਗਈ। ਫਿਰ ਉਹਨਾਂ ਕੀ ਬੋਲਿਆ ਮੈਨੂੰ ਕੁਝ ਸਮਝ ਨਹੀਂ ਆਈ।
ਮੌਨੀਟਰ ਨੂੰ ਆਰਡਰ ਦਿੱਤਾ ਗਿਆ ਕਿ ਇਸਨੂੰ ਖਿੱਚ ਕੇ ਪੀ ਟੀ ਮਾਸਟਰ ਕੋਲ ਲਿਜਾਓ ਤੇ ਇਸਤੇ ਫਾਈਨ ਲਗਵਾ ਕੇ ਆਓ। ਮੌਨੀਟਰ ਮੈਨੂੰ ਇਕ ਖ਼ਤਰਨਾਕ ਮੁਜਰਿਮ ਵਾਂਗ ਹੱਥ ਤੋਂ ਖਿੱਚ ਕੇ ਹਰ ਕਲਾਸ ਚ ਪੀ ਟੀ ਮਾਸਟਰ ਨੂੰ ਲੱਭਣ ਦੇ ਬਹਾਨੇ ਲਿਜਾ ਰਿਹਾ ਸੀ, ਜਿਵੇਂ ਉਸਨੂੰ ਸਾਡੀ ਮੈਡਮ ਨੇ ਪਹਿਲਾਂ ਹੀ ਸਮਝਾ ਦਿੱਤਾ ਸੀ ਇੰਝ ਕਰਨ ਨੂੰ।
ਜਦੋਂ ਵੀ ਉਹ ਕਿਸੇ ਕਲਾਸ ਚ ਜਾਂਦਾ ਤਾਂ ਉਸ ਕਲਾਸ ਦੇ ਅਧਿਆਪਕ ਤੇ ਵਦਿਆਰਥੀ ਹੈਰਾਨੀ ਨਾਲ ਦੇਖਦੇ। ਮੌਨੀਟਰ ਵੱਲੋਂ ਗੱਲ ਦੱਸੇ ਜਾਣ ਤੇ ਸਾਰੇ ਉੱਚੀ ਉੱਚੀ ਹੱਸਣ ਲੱਗ ਜਾਂਦੇ। ਤੇ ਇਸਤਰਾਂ ਸਾਰੇ ਸਕੂਲ ਚ ਮੈਨੂੰ ਘੁਮਾਇਆ ਗਿਆ, ਪੀ ਟੀਮ ਮਾਸਟਰ ਕੋਲ ਪਹੁੰਚ ਤਕ।
ਮੇਰੇ ਅੱਖਾਂ ਚੋ ਹੰਝੂ ਵਗ ਵਗ ਕੇ ਸੁੱਕ ਗਏ ਸਨ ਤੇ ਬਚੀ ਸੀ ਤਾਂ ਬਸ ਇਕ ਡਰਾਉਣੀ ਚੁੱਪ ਜਿਵੇਂ ਕੋਈ ਸਦਮਾ ਲੱਗਾ ਹੋਵੇ। ਮੈਨੂੰ 20 ਰੁਪਏ ਫਾਇਨ ਤੇ 2 ਥੱਪੜ ਸਜ਼ਾ ਮਿਲੀ ਜੋ ਸ਼ਾਇਦ ਉਸ ਸਜ਼ਾ ਤੋਂ ਕਿਧਰੇ ਘੱਟ ਸੀ ਜੋ ਹੁਣ ਤਕ ਮੈਨੂੰ ਮਿਲ ਚੁੱਕੀ ਸੀ।
ਛੁੱਟੀ ਦੇ ਸਮੇਂ ਸਕੂਲ ਦਾ ਹਰ ਬੱਚਾ ਮੈਨੂੰ ਦੇਖ ਕੇ ਹੱਸ ਰਿਹਾ ਸੀ। ਤੇ ਮੈਂ ਸੁੰਨ ਕਿਸੇ ਪੱਥਰ ਵਾਂਗ ਤੁਰੀ ਜਾ ਰਹੀ ਸੀ। ਘਰ ਦੇ ਦਰਵਾਜ਼ੇ ਤੇ ਪੁੱਜ ਕੇ ਛੋਟੀ ਭੈਣ ਨੇ ਦਰਵਾਜ਼ਾ ਖੁਲਵਾਇਆ ਪਰ ਮੈਂ ਬਾਹਰ ਹੀ ਖੜੀ ਰਹੀ ਜਿਵੇਂ ਮੇਰੀ ਸੋਚਣ ਸਮਝਣ ਦੀ ਸ਼ਕਤੀ ਦੇ ਸਾਰੇ ਦਰਵਾਜ਼ੇ ਬੰਦ ਹੋ ਚੁੱਕੇ ਹੋਣ। ਮਾਂ ਨੇ ਆਵਾਜ਼ ਮਾਰ ਬੁਲਾਇਆ ਤਾਂ ਜਿਵੇਂ ਥੋੜੀ ਹੋਸ਼ ਆਈ ਤੇ ਮੈਂ ਦੌੜ ਕੇ ਧਾਹਾਂ ਮਾਰਦੀ ਮਾਂ ਦੇ ਗਲ਼ ਲੱਗ ਗਈ। ਮੇਰੇ ਰੋਣ ਦੀ ਆਵਾਜ਼ ਚ ਇੰਨਾ ਦਰਦ ਸੀ ਕਿ ਮੇਰੀ ਮਾਂ ਮੈਨੂੰ ਕਾਰਨ ਪੁੱਛਦੀ ਹੋਈ ਖ਼ੁਦ ਰੋ ਪਈ ਤੇ ਘੁੱਟ ਸੀਨੇ ਨਾਲ ਲਾ ਲਿਆ। ਗੋਦੀ ਚੁੱਕ ਉਹ ਮੈਨੂੰ ਅੰਦਰ ਲੈ ਗਈ ਤੇ ਅੱਥਰੂ ਪੂੰਝ ਪਾਣੀ ਪਿਆ ਕੇ ਮੈਨੂੰ ਹੌਂਸਲਾ ਦਿੰਦੀ ਰਹੀ। ਪਰ ਮੈਂ ਕੁਝ ਨਾ ਕਹਿ ਸਕੀ। ਛੋਟੀ ਭੈਣ ਉਸ ਸਮੇਂ ਨਰਸਰੀ ਕਲਾਸ ਚ ਸੀ। ਉਸਨੇ ਮਾਂ ਨੂੰ ਤੁਤਲਾ ਕੇ ਕਿਹਾ " ਦੀਦੀ ਅੱਜ ਸ਼ਾਡੀ ਕਾਸ ਚ ਆਈ ਸੀ ਰੋਂਦੀ ਰੋਂਦੀ "।
ਸ਼ਾਮ ਤਕ ਮੇਰਾ ਪਿੰਡਾ ਤਾਪ ਨਾਲ ਭਖ਼ ਰਿਹਾ ਸੀ ਤੇ ਮਾਂ ਦਾ ਦਿਲ ਫ਼ਿਕਰ ਨਾਲ। ਪਿਤਾ ਜੀ ਦੇ ਘਰ ਆਉਣ ਤੇ ਮਾਂ ਨੇ ਸਭ ਦੱਸਿਆ ਤੇ ਉਹਨਾਂ ਵੀ ਮੈਨੂੰ ਪੁੱਛਣ ਦੀ ਬਹੁਤ ਕੋਸ਼ਿਸ਼ ਕੀਤੀ। ਮੈਂ ਬੁਖ਼ਾਰ ਚ ਤਪਦੀ ਇੱਕੋ ਗੱਲ ਬੋਲ ਰਹੀ ਸੀ ਕਿ ਮੈਂ ਸਕੂਲ ਨਹੀਂ ਜਾਣਾ। ਦੋ ਦਿਨ ਜਦੋਂ ਤਾਪ ਨਾ ਉੱਤਰਿਆ ਤਾਂ ਤੀਸਰੇ ਦਿਨ ਮਾਂ ਮੇਰੀ ਸਹੇਲੀ ਕੋਲ ਗਈ ਜੋ ਸਾਡੇ ਘਰ ਦੇ ਬਿਲਕੁਲ ਨਜ਼ਦੀਕ ਰਹਿੰਦੀ ਸੀ, ਇਹ ਜਾਣਨ ਲਈ ਕਿ ਆਖ਼ਿਰ ਹੋਇਆ ਕੀ ਸੀ।
ਘਰ ਵਾਪਿਸ ਪਰਤਣ ਤਕ ਮਾਂ ਦੀ ਚੁੰਨੀ ਹੰਝੂਆਂ ਨਾਲ ਗਿੱਲੀ ਸੀ ਪਰ ਦਿਲ ਚ ਇਕ ਭਾਂਬੜ ਬਲ਼ ਰਿਹਾ ਸੀ। ਆਕੇ ਉਹਨਾਂ ਸਾਰੀ ਗੱਲ ਪਿਤਾ ਜੀ ਨੂੰ ਦੱਸੀ। ਮਰਦ ਆਪਣੇ ਦੁੱਖ ਨੂੰ ਜ਼ਾਹਿਰ ਕਰਨ ਤੋਂ ਗੁਰੇਜ਼ ਕਰਦਾ ਹੈ ਪਰ ਉਸ ਦਿਨ ਸ਼ਾਇਦ ਇਕ ਗ਼ਰੀਬ ਪਿਓ ਦਾ ਦਰਦ ਆਪੇ ਹੰਝੂਆਂ ਚ ਛਲਕ ਆਇਆ ਸੀ। ਉਹਨਾਂ ਮੈਨੂੰ ਘੁੱਟਕੇ ਗਲੇ ਲਗਾ ਕੇ ਕਿਹਾ," ਮੇਰੇ ਬੱਚੇ ! ਮੈਨੂੰ ਮਾਫ਼ ਕਰਦੇ। ਮੇਰੀ ਗ਼ਰੀਬੀ ਦੀ ਸਜ਼ਾ ਤੈਨੂੰ ਮਿਲੀ।"
ਬੱਚਿਆਂ ਦੀ ਦੁਨੀਆ ਤੋਂ ਦੂਰ ( ਕਹਾਣੀ )
ਇਕ ਤੜਫੇ ਬਾਪ ਨੇ ਹਰ ਵ੍ਹਾ ਲਾ ਦਿੱਤੀ ਮੈਨੂੰ ਨਿਆਂ ਦਵਾਉਣ ਲਈ ਤੇ ਨਿਆਂ ਮਿਲਿਆ ਵੀ। ਸਕੂਲ ਦੀ ਮੈਨੇਜਮੈਂਟ ਕਮੇਟੀ ਤਕ ਸ਼ਿਕਾਇਤ ਹੋਈ। ਉਸ ਅਧਿਆਪਕਾ ਨੂੰ ਸਜ਼ਾ ਵਲੋਂ ਸਕੂਲ ਚੋਂ ਕੱਢ ਦਿੱਤਾ ਗਿਆ ਤੇ ਸਕੂਲ ਚ ਨਵੇਂ ਨਿਯਮ ਬਣੇ ਤਾਂ ਕਿ ਦੋਬਾਰਾ ਕਿਸੇ ਗ਼ਰੀਬ ਵਿਦਿਆਰਥੀ ਨੂੰ ਇਸ ਤਰ੍ਹਾਂ ਦਾ ਵਤੀਰਾ ਨਾ ਸਹਿਣਾ ਪਵੇ। ਪਰ ਉਹ ਕੌੜੀ ਯਾਦ ਮੇਰੇ ਦਿਲ ਦਿਮਾਗ਼ ਤੇ ਹਮੇਸ਼ਾ ਲਈ ਛਪ ਗਈ ਤੇ ਹਮੇਸ਼ਾ ਲਈ ਸਮਝਾ ਗਈ ਬਟਨਾਂ ਤੇ ਔਕਾਤ ਦਾ ਫ਼ਰਕ।
No comments:
Post a Comment