ਮੈਂਨੂੰ ਪੀਂਘ ਝੂਟਦੀ ਨੂੰ, ਤੂੰ ਏਸੇ ਦੇ ਵੇ ਹੁਲਾਰੇ
ਮੈਂਨੂੰ ਤਖ਼ਤ ਹਜ਼ਾਰੇ ਦੇ, ਰਾਂਝਿਆ ਆਉਣ ਨਜ਼ਾਰੇ।
ਇਕ ਦੋ ਵਾਰੀ ਨਹੀਂ, ਵੇ ਮੈਂ ਕਰੋੜਾਂ ਵਾਰੀਂ
ਮੈਂ ਨਿਮਾਣਿਆਂ ਤੋਂ ਨਿਮਾਣੀ, ਤੇਰੇ ਜਾਵਾਂ ਬਲਿਹਾਰੇ।
ਤੇਰੇ ਨੈਣਾਂ ਵਿਚ ਡੁੱਬ ਗਈ ਮੈਂ, ਹਾਏ ਵੇ ਗੋਤੇ ਖਾਵਾਂ
ਮੇਰਾ ਭਰਕੇ ਕਲਾਵਾ ਵੇ, ਰਾਂਝਿਆ ਲਗਾਦੇ ਕਿਨਾਰੇ।
ਮੇਰਾ ਤਨ ਮਨ ਤੇਰਾ ਵੇ, ਏਹਨੂੰ ਸਾਂਭ ਕੇ ਰੱਖ ਤੂੰ
ਤੇਰੀ ਮਜ਼ਦੂਰੀ ਬਣਦੀ ਵੇ, ਜਿਹੜੇ ਡੰਗਰ ਚਾਰੇ।
ਮੈਨੂੰ ਸਜਾ ਸੁਣਾਂਦੇ ਵੇ, ਸਾਰੀ ਉਮਰ ਲਈ ਕੈਦੀ
ਬਾਹਵਾਂ ਵਿੱਚ ਘੱਟ ਲੈ ਵੇ, ਮੈਨੂੰ ਮੇਰੇ ਪਿਆਰੇ।
ਮੇਰੇ ਰੋਮ-ਰੋਮ ਚੋਂ ਸੁਣ ਵੇ, ਤੂੰ-ਤੂੰ ਦੀਆਂ ਅਵਾਜ਼ਾਂ
ਹਾਏ ਮੈਨੂੰ ਛੱਡ ਨਾ ਜਾਵੀਂ ਵੇ, ਮੈਂ ਕੱਢਦੀ ਹਾੜੇ।
ਤੇਰੇ ਨਿਹੋਰੇ ਮਾੜੇ ਵੇ, ਸਿਕੰਦਰਾ" ਤੂੰ ਨਹੀਂ ਮਾੜਾ
ਤੇਰੇ ਪਿੰਡ ਦੀਆਂ ਕੁੱਲੀਆਂ ਵੇ, ਮੈਨੂੰ ਲੱਗਣ ਮੁਨਾਰੇ।
ਏਸ ਔਰਤ ਜਾਤ ਨੂੰ ਵੇ, ਲੋਕੀਂ ਸਮਝਣ ਜੁੱਤੀ
ਤੂੰ ਮੇਰਿਆਂ ਲਫ਼ਜ਼ਾਂ ਤੇ, ਹਮੇਸ਼ਾਂ ਫੁੱਲ ਵੇ ਚਾੜ੍ਹੇ।
ਸਿਕੰਦਰ
ਪਿੰਡ ਠੱਠੀਆਂ ਅਮ੍ਰਿਤਸਰ
No comments:
Post a Comment