ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, May 17, 2022

ਵੇ ਹੁਸਨ ਦੇਸ ਦੇ ਵਾਰਸਾ -ਕੁਲਦੀਪ ਦਰਾਜ਼ਕੇ



ਵੇ ਹੁਸਨ ਦੇਸ ਦੇ ਵਾਰਸਾ
ਤੇਰਾ ਡੁੱਲ੍ਹ ਡੁੱਲ੍ਹ ਪੈਂਦਾ ਨੂਰ
ਤੇਰੀ ਤੱਕਣੀ ਚੋਂ ਏ ਝਲਕਦਾ
ਅੜਿਆ ਅਜਬ ਸਰੂਰ

ਤੇਰੇ ਨਕਸ਼ਾਂ ਵਿੱਚ ਖਿੱਚ ਵੱਖਰੀ
ਮੇਰੀ ਰੂਹ ਨੂੰ ਲੈਂਦੀ ਡੰਗ,
ਕਿਸੇ ਉੱਚੇ ਪਰਬਤ ਰਿਸ਼ੀ ਦੀ
ਜਿਵੇਂ ਭਗਤੀ ਹੋ ਜਾਏ ਭੰਗ

ਤੇਰੇ ਭਿੱਜੇ ਬੋਲ ਨੇ ਸ਼ਹਿਦ ਵਿੱਚ 
ਹਰ ਤਪਸ਼ ਨੂੰ ਪਾਵਣ ਠੱਲ੍ਹ,
ਤੇਰੇ ਲਹਿਜ਼ੇ ਵਿੱਚ ਅਕੀਦਤਾਂ
ਤੇਰੀ ਸੂਫੀਆਂ ਵਰਗੀ ਗੱਲ

ਤੇਰੀ ਤੋਰ ਦੇ ਵਿੱਚ ਨੇ ਮਸਤੀਆਂ
ਤੇਰੇ ਕਦਮਾਂ ਵਿੱਚ ਸੰਸਾਰ,
ਹਰ ਪੈੜ ਅਮਰ ਤੇਰੀ ਹੋਵਣੀ
ਦਏ ਧਰਤ ਦਾ ਸੀਨਾ ਠਾਰ

ਤੈਨੂੰ ਫੁੱਲ ਕਰਨ ਪਏ ਸੱਜਦਾ
ਤੇ ਚੁੰਮ ਚੁੰਮ ਕਲੀਆਂ ਜਾਣ,
ਜਿਵੇਂ ਬਾਗ ਨੂੰ ਝੂਮਣ ਲਾ ਦਏ
ਕਿਸੇ ਰਹਿਬਰ ਦੀ ਮੁਸਕਾਣ

ਤੇਰੇ ਸਾਹ ਸਰਗਮ ਨੇ ਸੁੱਚੜੇ
ਗੂੰਜੇ ਫਿਜ਼ਾ ਦੇ ਵਿੱਚ ਸੰਗੀਤ,
ਰੱਖੀ ਰੂਹ ਨਾਲ ਗੰਢ ਤੂੰ ਮਾਰ ਕੇ
ਜਿਵੇਂ ਤਾਨਸੈਨ ਦੀ ਰੀਤ

ਤੇਰੇ ਮਸਤਕ ਵਿੱਚ ਨੇ ਸਰਘੀਆਂ
ਚਾਨਣ ਦੀ ਪਾਵਣ ਬਾਤ,
ਤੈਨੂੰ ਪੁੱਛ ਕੇ ਦਸਤਕ ਦੇਂਵਦੀ
ਹਰ ਮੱਸਿਆ ਵਾਲੀ ਰਾਤ

ਤੇਰੀ ਸਾਂਝ ਪੁਰੇ ਨਾਲ ਜੁਗਾਂ ਤੋਂ
ਇਹਦਾ ਚੱਲਣਾ ਵੀ ਵਰਦਾਨ,
ਅੰਗਿਆਰ ਦਾ ਸੀਨਾ ਠਾਰਦਾ
ਇਹਦਾ ਹਰ ਬੁੱਲ੍ਹਾ ਪਰਵਾਨ

ਤੇਰੀ ਸਾਗਰਾਂ ਨਾਲ ਹੈ ਨੇੜਤਾ
ਲਹਿਰਾਂ ਤੇ ਤੇਰਾ ਰਾਜ,
ਜਲ ਪਰੀਆਂ ਕਾਇਲ ਤੇਰੀਆਂ
ਤੇਰੀ ਹੋਂਦ ਤੇ ਸਭ ਨੂੰ ਨਾਜ਼

ਤੇਰੀ ਹਸਤੀ ਉੱਚੀ ਅੰਬਰੋਂ
ਤੇਰਾ ਸਾਨੀ ਨਾ ਕੋਈ ਹੋਰ,
ਰਹੇ" ਦੀਪ ਦਰਾਜ਼ਕੇ" ਵਾਲਿਆ
ਚੜ੍ਹੀ ਇਸ਼ਕ ਹਕੀਕੀ ਲੋਰ

         ਕੁਲਦੀਪ ਦਰਾਜ਼ਕੇ

No comments:

Post a Comment