ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, May 17, 2022

ਗ਼ਜ਼ਲ - Krishan Bhanot


 
 
 ਇਨ੍ਹਾਂ ਸਮਿਆਂ ਦੇ ਵਿੱਚ ਖਾਮੋਸ਼ ਰਹਿਣਾ , ਨ ਮਾਫ਼ੀ ਯੋਗ ਹੈ , ਇਹ ਜੁਰਮ ਭਾਰਾ ,
            ਕਿਵੇਂ ਬੁੱਲ੍ਹਾਂ ਤੇ ਮੈਂ ਤਾਲਾ ਲਗਾਵਾਂ , ਕਿ ਅਪਣੇ ਵਕ਼ਤ ਦਾ ਮੈਂ ਹਾਂ -ਬੁਲਾਰਾ ।
 
 ਅਜੇ ਨਾ ਮਰਮ ਇਸਦਾ ਜਾਣ ਸਕਿਆਂ , ਕਿ ਮਨ ਅਪਣਾ ਨਹੀਂ ਪਹਿਚਾਣ ਸਕਿਆਂ ,
 ਕਿਸੇ ਪਲ ਹੋ ਗਿਆ ਪੱਥਰ ਕਦੇ ਜੇ , ਇਹ ਅਗਲੇ ਪਲ ਹੀ ਹੋ ਜਾਂਦਾ ਹੈ ਪਾਰਾ ।

 ਮੈਂ ਅਪਣੇ ਹੌਸਲੇ ਨੂੰ ਪਰਖਣਾ ਹੈ, ਅਜੇ ਤਾਂ ਦੂਰ ਤੀਕਰ ਤੈਰਨਾ ਹੈ ,
 ਕਿਨਾਰਾ ਦਿਸ ਰਿਹੈ ਭਾਵੇਂ ਅਹੁ ਸਾਹਵੇਂ , ਕਿਨਾਰੇ ਤੋਂ ਮੈਂ ਕਰ ਲੈਣਾ ਕਿਨਾਰਾ ।

 ਹੁਣੇ ਜੋ ਉਡ ਰਿਹਾ ਸੀ ਅਰਸ਼ ਉੱਤੇ , ਅਚਾਨਕ ਡਿਗ ਪਿਆ ਉਹ ਫਰਸ਼ ਉੱਤੇ ,
 ਜ਼ਰਾ ਇਕ ਠੇਸ ਕੀ ਲੱਗੀ ਕਿ ਫਟਿਆ , ਬੜਾ ਫੁੱਲਿਆ ਸੀ ਹਉਮੇਂ ਦਾ ਗੁਬਾਰਾ ।

 ਜਿਨ੍ਹਾਂ ਦੇ ਮਨ ਦੇ ਵਿੱਚ ਬੇਚੈਨੀਆਂ ਨੇ , ਬਦਲਦੇ ਨੇ ਸਦਾ ਹਾਲਾਤ ਓਹੀ ,
 ਕਿ ਨੀਂਦਰ ਚੈਨ ਦੀ ਸੌਂਦੇ ਨੇ ਜਿਹੜੇ , ਉਨ੍ਹਾਂ ਨੂੰ ਚੈਨ ਕਰ ਦਿੰਦੀ ਨਕਾਰਾ ।

 ਉਹ ਜਿਸਨੂੰ ਹਾਦਸਾ ਕਹਿੰਦਾ ਰਿਹਾ ਸੀ , ਉਹ ਉਸਦੇ ਵਾਸਤੇ ਵਰਦਾਨ ਹੋਇਐ ,
 ਉਦੋਂ ਉਹ ਆਪਣੇ ਪੈਰੀਂ ਖੜੋਤਾ , ਜਦੋਂ ਦਾ ਖੁੱਸਿਆ ਉਸਦਾ ਸਹਾਰਾ ।
 
 ਅਨੇਕਾਂ ਖਾਮੀਆਂ , ਕਮਜ਼ੋਰੀਆਂ ਨੇ , ਤੇਰੇ ਦਾਮਨ 'ਚ ਸੈਂਆਂ ਮੋਰੀਆਂ ਨੇ ,
 ਲਿਖੇਂਗਾ ਕ੍ਰਿਸ਼ਨ ਕੀ ਆਤਮ-ਕਥਾ ਤੂੰ , ਕਿ ਕੋਰਾ ਸੱਚ ਕਹਿਣਾ ਕਦ ਗਵਾਰਾ ।

No comments:

Post a Comment