ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, May 22, 2022

ਗ਼ਜ਼ਲ : ਜਗਤਾਰ

 






ਮੇਰਿਆਂ ਪੈਰਾਂ ਨੂੰ ਫੜ ਕੇ ਬਹਿ ਗਈ ਹੈ ਚਾਨਣੀ।
ਯਾਰ ਮੇਰੇ ਸਮਝਦੇ, ਮੈਂ ਡਰ ਗਿਆਂ ਤੁਰਨੋਂ ਖਣੀ।

ਨਾ ਮੇਰੀ ਆਵਾਜ਼ ਪਰਤੇ, ਨਾ ਕੋਈ ਉੱਤਰ ਮਿਲੇ,
ਰਾਤ ਦੇ ਜੰਗਲ ’ਚ ਯਾਰਾਂ ਨਾਲ਼ ਖ਼ਬਰੇ ਕੀ ਬਣੀ?

ਲਖ ਕੋਈ ਜ਼ਹਿਰਾਂ ਪਿਆਵੇ, ਹੋਣ ਨਾ ਦੇਂਦੀ ਅਸਰ,
ਤੇਰੇ ਸੂਹੇ ਰੇਸ਼ਮੀ ਹੋਠਾਂ ਦੀ ਮਿੱਠੀ ਚਾਸ਼ਣੀ।

ਚੀਰ ਜਾਵਾਂਗਾ ਨੁਕੀਲੇ ਪੱਥਰਾਂ ਨੂੰ ਜਲ ਤਰ੍ਹਾਂ,
ਰੇਤ ਹੋ ਜਾਵਾਂਗਾ ਪਰ ਮੈਂ, ਤੂੰ ਜਦੋਂ ਪੱਥਰ ਬਣੀ।

ਵੇਖ ਕੇ ਉਡਦੇ ਟਟਹਿਣੇ ਦੀਪ ਮੰਜ਼ਿਲ ਦੇ ਨਾ ਜਾਣ,
ਠੀਕ ਹੀ ਸੋਨਾ ਨਹੀਂ ਹੁੰਦੀ ਹੈ ਹਰ ਸ਼ੈ ਲਿਸ਼ਕਣੀ।

ਮੇਰਿਆਂ ਸ਼ਬਦਾਂ ਦਿਆਂ ਤੀਰਾਂ ਦਾ ਵੇਖੋ ਚਮਤਕਾਰ,
ਰਾਤ ਦਾ ਸਾਰਾ ਬਦਨ ਹੋਇਆ ਪਿਆ ਹੈ ਛਾਨਣੀ।


No comments:

Post a Comment