ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, May 24, 2022

ਕਿਰਤੀ - ਨਿਸ਼ਾਨ ਸਿੰਘ

 




ਹੱਦੋਂ ਵੱਧ ਮਿਹਨਤੀ ਕਿਰਤੀ ਫਿਰ ਵੀ ਤਨ 'ਤੇ ਲ਼ੀਰਾਂ ਨੇ ।
ਕਦ ਤੱਕ ਇਵੇਂ ਦਿਨ ਲੰਘਾਉਣੇ ਰੱਬਾ, ਕਾਮੇ ਵੀਰਾਂ ਨੇ ।

ਰੁੱਖੀ- ਮਿੱਸੀ ਖਾ ਕੇ ਦਾਤਾ ਤੇਰਾ ਸ਼ੁਕਰ ਮਨਾਉਂਦੇ ਉਹ,
ਦੱਸ ਉਨ੍ਹਾਂ ਦੇ ਹਿੱਸੇ ਦੀਆਂ ਕਿੱਥੇ ਗਈਆਂ ਖੀਰਾਂ ਨੇ ।

ਹਰ ਥਾਂ ਵੇਖਾਂ ਭਾਗੋ ਵਰਗੇ ਪੀਂਦੇ ਖੂਨ ਗਰੀਬਾਂ ਦਾ,
ਹੱਕ ਕਿਸੇ ਦਾ ਖਾਣਾ ਮਾੜਾ ਕਰਦੇ ਇਹ ਤਕਰੀਰਾਂ ਨੇ ।

ਚੁੱਲ੍ਹਾ ਮਘਦਾ ਰੱਖਣ ਖਾਤਰ ਨਿੱਤ ਦਿਹਾੜੀ ਲਾਉਂਦੇ ਜੋ,
ਧੁੰਦ ਤਪਸ਼ ਵੀ ਝੱਲੇ ਉਨ੍ਹਾਂ ਮਿਹਨਤਕਸ਼ ਸਰੀਰਾਂ ਨੇ ।

ਖੂਨ ਪਸੀਨਾ ਇਕ ਕਰਦੀ ਦੀ ਕਰਦਾ ਹਾਂ ਜਦ ਗੱਲ ਕਿਤੇ,
ਬਹੁਤੇ ਅਕਸਰ ਪੱਲਾ ਝਾੜਨ ਕਹਿ ਕੇ ਇਹ ਤਕਦੀਰਾਂ ਨੇ ।

ਕੱਚੇ ਕੋਠੇ ਚੋਂਦੀਆਂ ਛੱਤਾਂ ਰੈਣ - ਬਸੇਰੇ ਕਈਆਂ ਦੇ,
ਠੁੰਮਣੇ ਦੇ ਕੇ ਖੜ੍ਹੀਆਂ ਰੱਖੀਆਂ ਕਈਆਂ ਨੇ ਛਤੀਰਾਂ ਨੇ ।

ਅਰਜ਼ ਨਿਸ਼ਾਨ ਕਰੇ ਰੱਬਾ ਕਰ ਹਾਲਤ ਸਹੀ ਗਰੀਬਾਂ ਦੀ,
ਕਿਰਤ ਕਰਦਿਆਂ ਹੱਥਾਂ ਉੱਤੋਂ ਜਾਂਦੀਆਂ ਮਿਟ ਲਕੀਰਾਂ ਨੇ ।

ਨਿਸ਼ਾਨ ਸਿੰਘ 
ਪਿੰਡ ਤੇ ਡਾਕ : ਜੌੜਾ ਸਿੰਘਾ 
ਜ਼ਿਲ੍ਹਾ : ਗੁਰਦਾਸਪੁਰ 
ਫੋਨ : 9646540249

No comments:

Post a Comment