ਰੁਸਿਆ ਮੇਰਾ ਹਬੀਬ ਹੈ, ਤੂੰ ਜਾਣਦਾ ਨਹੀਂ।
ਬੁਝਿਆ ਮੇਰਾ ਨਸੀਬ ਹੈ, ਤੂੰ ਜਾਣਦਾ ਨਹੀਂ।
ਹਸ ਕੇ ਹੈ ਜਾਨ ਲੈਂਦੀ ਤੇ ਪੀਂਦੀ ਹੈ ਖ਼ੂਨ ਇਹ,
ਦੁਨੀਆਂ ਬੜੀ ਅਜੀਬ ਹੈ, ਤੂੰ ਜਾਣਦਾ ਨਹੀਂ।
ਚੇਤੰਨ ਹੋ ਕੇ ਦੋਸਤਾ! ਤੁਰਦਾ ਹਾਂ ਇਸ ਲਈ,
ਹਰ ਪੈਰ ’ਤੇ ਸਲੀਬ ਹੈ, ਤੂੰ ਜਾਣਦਾ ਨਹੀਂ।
ਵਧ ਚੜ੍ਹ ਕੇ ਦੁਸ਼ਮਣਾਂ ਤੋਂ ਉਹ ਕਰਦਾ ਹੈ ਸਜ਼ਿਸ਼ਾਂ,
ਵੇਖਣ ਨੂੰ ਹੀ ਕਰੀਬ ਹੈ, ਤੂੰ ਜਾਣਦਾ ਨਹੀਂ।
ਕਰੀਏ ਇਲਾਜ ਦੋਸਤਾ ਆ ਏਸ ਦੌਰ ਦਾ,
ਬੀਮਾਰ ਖ਼ੁਦ ਤਬੀਬ ਹੈ, ਤੂੰ ਜਾਣਦਾ ਨਹੀਂ।
ਤਖ਼ਤਾਂ ਨੂੰ ਹੈ ਪਲਟਦਾ ਤੇ ਤਾਜਾਂ ਨੂੰ ਰੋਲ਼ਦਾ,
ਜਦ ਜਾਗਦਾ ਗ਼ਰੀਬ ਹੈ, ਤੂੰ ਜਾਣਦਾ ਨਹੀਂ।
ਸਚ-ਨੂਰ-ਇਸ਼ਕ ਹੁੰਦਾ ਹੈ ਜਿਸ ਨੂੰ ਉਹ ਵਕਤ ਦੀ,
ਚੁੰਮਦਾ ਸਦਾ ਸਲੀਬ ਹੈ, ਤੂੰ ਜਾਣਦਾ ਨਹੀਂ।
ਲਖ ਲਾਲਚਾਂ ’ਚ ਆ ਕੇ ਵੀ ਵਿਕਦਾ ਨਹੀਂ ਕਦੇ,
ਸੱਚਾ ਜੋ ਵੀ ਅਦੀਬ ਹੈ, ਤੂੰ ਜਾਣਦਾ ਨਹੀਂ।
ਤੇਰੀ ਬਹਾਰ ਵਿਚ ਵੀ ਤਾਂ ਦਮ ਤੋੜੀ ਜਾ ਰਿਹਾ,
ਰੋ ਰੋ ਕੇ ਅੰਦਲੀਬ ਹੈ, ਤੂੰ ਜਾਣਦਾ ਨਹੀਂ।
No comments:
Post a Comment