ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, May 23, 2022

ਗ਼ਜ਼ਲ : ਰਣਬੀਰ ਰਾਣਾ




ਉਨ੍ਹਾਂ ਨੇ ਇਸ ਤਰ੍ਹਾਂ ਸਾਨੂੰ ਮੁਹੱਬਤ ਦੀ ਸਜ਼ਾ ਦਿੱਤੀ।
ਅਸਾਡੀ ਉਮਰ ਸਾਰੀ ਹੀ ਗ਼ਮਾਂ ਦੇ ਨਾਮ ਲਾ ਦਿੱਤੀ।

ਮੇਰੇ ਹੱਥ, ਪੈਰ ਤੇ ਬਾਹਾਂ ਮੁਸੀਬਤ ਵਿਚ ਰਹੇ ਨੱਚਦੇ,
ਤੇ ਦਿਲ ਨੇ ਮੁਸਕਰਾ ਕੇ ਜ਼ਿੰਦਗੀ ਸੌਖੀ ਬਣਾ ਦਿੱਤੀ।

ਮੈਂ ਜੀਵਨ ਭਰ ਕਦੇ ਵੀ ਆਪਣੇ ਘਰ ਪਰਤ ਨਾ ਸਕਿਆ,
ਕਿਸੇ ਅਪਣੇ ਨੇ ਮੈਨੂੰ ਇਸ ਤਰ੍ਹਾਂ ਦੀ ਸੀ ਦੁਆ ਦਿੱਤੀ।

ਕਹਾਣੀ ਇਸ਼ਕ ਦੀ ਪੂਰੀ ਨਾ ਹੋਈ ਫੇਰ ਵੀ ਜਗ ਵਿਚ,
ਕੋਈ ਦਰਿਆ ’ਚ ਡੁਬ ਮਰਿਆ, ਕਿਸੇ ਗਰਦਨ ਕਟਾ ਦਿੱਤੀ।

ਸਫ਼ਰ ਦੌਰਾਨ ਹਰ ਇਕ ਮੀਲ ਪੱਥਰ ਤੋਂ ਮਿਲੀ ਨਫ਼ਰਤ,
ਤੇ ਹਰ ਇਕ ਬਿਰਖ ਨੇ ਮੇਰੇ ਬਦਨ ਨੂੰ ਅੱਗ ਲਾ ਦਿੱਤੀ।

ਮੁੜਾਂਗੇ ਜਿੱਤ ਕੇ ਜਾਂ ਫਿਰ ਅਸੀਂ ਮਰਨਾ ਕਬੂਲਾਂਗੇ,
ਅਸੀਂ ਝੱਲਾਂਗੇ ਜਿਹੜੀ ਵਕਤ ਨੇ ਸਾਨੂੰ ਸਜ਼ਾ ਦਿੱਤੀ।

ਤੁਸੀਂ ‘ਰਾਣੇ’ ਅਸਾਡੇ ਮਰਨ ’ਤੇ ਅਫ਼ਸੋਸ ਨਾ ਕਰਨਾ,
ਅਸੀਂ ਕੁਕਨੁਸ ਬਣਾਂਗੇ ਜਦ ਤੁਸੀਂ ਅਗਨੀ ਵਿਖਾ ਦਿੱਤੀ।
ਮੋਬਾਈਲ : 97800 42157

No comments:

Post a Comment