ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, May 25, 2022

ਓਪਰੇ ਜਿਹੇ ਓਹਨਾਂ‌ ਦੇ ਵਿਹਾਰ ਹੋ ਗਏ - ਸੁਖਰਾਜ ਠੱਠੀਆਂ


 

ਓਪਰੇ ਜਿਹੇ  ਓਹਨਾਂ‌ ਦੇ  ਵਿਹਾਰ ਹੋ ਗਏ

ਗ਼ਲਤਫਹਿਮੀ ਦਾ ਓਹ  ਸ਼ਿਕਾਰ ਹੋ ਗਏ।


ਮਹਿਫਲਾਂ ਚ, ਮੋਹਰੇ ਹੋਕੇ ਬਹਿਣ ਵਾਲੜੇ

ਸਲਾਮ‌ ਸਣੇ‌  ਵਾਹ-ਵਾਹ  ਕਹਿਣ ਵਾਲੜੇ

ਸਮਝੇ ਨਹੀਂ ਜੋ ਅਸੀਂ ਕਹਿਣਾ ਚਾਹੁੰਦੇ ਸੀ

ਤਾਂਹੀਓਂ ਅੱਜ  ਅਸੀਂ ਹਾਂ  ਬੇਕਾਰ ਹੋ ਗਏ।


ਰੱਬ ਨਾਲੋਂ ਵੱਧ ਸਾਨੂੰ  ਓਹਨਾਂ ਤੇ ਯਕੀਨ

ਹੱਡੀਆਂ ਚ, ਰਚੇ  ਜਿਵੇਂ ਰਚਦੀ  ਅਫ਼ੀਮ

ਓਹਦੇ ਨਸ਼ੇ ਨਾਲ ਅਸੀਂ  ਉੱਡੇ ਫਿਰਦੇ ਸੀ

ਕੀ ਦੱਸੀਏ  ਹੁਣ ਅਸੀਂ  ਬਿਮਾਰ  ਹੋ ਗਏ।


ਹਾਲੇ  ਵੀ  ਉਮੀਦਾਂ ਅਸੀਂ  ਬੰਨ੍ਹ  ਰੱਖੀਆਂ

ਥੋੜ੍ਹਾ - ਥੋੜ੍ਹਾ  ਤੁਰਦੇ  ਹਾਂ  ਫੜਕੇ ਵੱਖੀਂਆਂ

ਅੱਜ ਨਹੀਂ ਤੇ ਕੱਲ੍ਹ  ਓਹ  ਸਮਝ  ਜਾਣਗੇ

ਜਦੋਂ ਆਪੇ ਪੇਸ਼  ਅਸਲ ਵਿਚਾਰ ਹੋ ਗਏ।


ਵੇਖਿਆ ਮੈਂ  ਮੱਛੀ ਵਾਂਗੂੰ  ਓਹ ਸੀ ਤੜਫ਼ੇ

ਸੁੱਟਦੇ  ਸੀ  ਹੰਝੂ   ਕਾਲਜ਼ੇ  ਨੂੰ   ਫੜ  ਕੇ

ਜਿੱਥੇ  ਪਿਆਰ  ਓਥੇ  ਤਕਰਾਰ ਲਾਜ਼ਮੀ

ਓਹ ਕਹਿੰਦੇ ਸੀ  ਖੱਜਲ ਖੁਆਰ ਹੋ ਗਏ।


ਸੱਧਰਾਂ  ਦੇ  ਨਾਲ  ਸੀ   ਨਾਤਾ  ਜੋੜਿਆ

ਟਾਹਣੀ ਨਾਲੋਂ ਕਿਹਨਾਂ ਨੇ  ਫੁੱਲ ਤੋੜਿਆ

ਸਬਰ  ਸਵਾਏ   ਹੋਰ   ਪੱਲੇ  ਕੁਝ  ਨਹੀਂ

ਆਪਣੇ  ਹੀ  ਮਾਰੂ  ਹਥਿਆਰ  ਹੋ  ਗਏ।


ਜਿਹੜੇ  ਦਿਲ  ਹੁੰਦੇ ਨੇ ਜੀ  ਲੱਖਾਂ ਵਰਗੇ

ਓਹੀਓ  ਟੁੱਟਕੇ  ਹੋ  ਜਾਂਦੇ   ਕੱਖਾਂ  ਵਰਗੇ

ਕਿਹਨੂੰ  ਹੁਣ  ਆਪਣੀ‌  ਔਕਾਤ  ਦੱਸੀਏ

ਹਰੇ  ਭਰੇ  ਪਲਾਂ  ਚ,   ਉਜਾੜ  ਹੋ‌  ਗਏ।


ਤੇਲ  ਬਿੰਨਾਂ  ਦੀਵਾ ਏਹ  ਬੁੱਝ  ਜਾਣਾ ਆਂ

ਕਿੱਥੇ ਗਲਤੀ ਹੋਈ  ਸਭ  ਸੁੱਝ ਜਾਣਾ ਆਂ

ਜ਼ੋਰਾਵਰ  ਮੋਹਰੇ   ਦਾਅਵਾ  ਕੀ   ਕਰਨਾ

ਸੁਣ ਲਿਆ  ਫਤਵਾ  ਤੜੀਪਾਰ  ਹੋ  ਗਏ।


ਕਈ  ਵਾਰੀਂ  ਵਕਤ  ਹੀ‌ ‌ ਮਾੜਾ ਹੁੰਦਾ ‌ਆ

ਦਿਸਦਾ ਨਹੀਂ ਨੇੜੇ ਹੀ ਕਿਨਾਰਾ ਹੁੰਦਾ ਆ

ਬਚ ਗਏ  ਅਨੇਕਾਂ‌ ਹੀ  ਸੁਖਰਾਜ" ਵਰਗੇ

ਅੱਖੀਆਂ ਨੂੰ  ਮੁੜ  ਓਹ  ਦਿਦਾਰ ਹੋ ਗਏ।


ਓਪਰੇ ਜਿਹੇ  ਓਹਨਾਂ‌ ਦੇ  ਵਿਹਾਰ ਹੋ ਗਏ

ਗ਼ਲਤਫਹਿਮੀ ਦਾ ਓਹ  ਸ਼ਿਕਾਰ ਹੋ ਗਏ।


ਸੁਖਰਾਜ 781

ਪਿੰਡ ਠੱਠੀਆਂ ਅਮ੍ਰਿਤਸਰ

1 comment: