ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, May 26, 2022

ਸੋਚ ਬਦਲੋਂਗੇ ਤਾਂ ਸਭ ਬਦਲੇਗਾ - ਸੰਦੀਪ ਦਿਉੜਾ


 

     ਸੇਠ ਸੁੱਖੀ ਰਾਮ ਅੱਜ ਇੱਕ ਵਾਰ ਫ਼ੇਰ ਆਪਣੇ ਆਪ ਵਿੱਚ ਬਹੁਤ ਦੁੱਖੀ ਸੀ। 

   "ਕਿੰਨਾ ਮਰਜ਼ੀ ਕਰ ਲਵੋ ਕਿਸੇ ਦਾ ਪਰ ਮਜ਼ਾਲ ਹੈ ਕੋਈ ਕਦੇ ਅਹਿਸਾਨ ਮੰਨੇ।" ਸੇਠ ਜੀ ਆਪਣੇ ਆਪ ਨਾਲ ਹੀ ਗੱਲਾਂ ਕਰਕੇ ਦੁੱਖੀ ਹੋ ਰਹੇ ਸਨ। 

       "ਕੀ ਹੋਇਆ ਸੇਠ ਜੀ ਅੱਜ ਬਹੁਤ ਪਰੇਸ਼ਾਨ ਲੱਗ ਰਹੇ ਹੋ? "ਉਹਨਾਂ ਦਾ ਮੁਨੀਮ ਪੁੱਛਦਾ ਹੈ। 

                   "ਮੁਨੀਮ ਜੀ ਕੀ ਦੱਸਾਂ ਆਹ ਨੇਕ ਸਿੰਘ ਦੀ ਹੀ ਗੱਲ ਸੁਣ ਲਵੋ।ਕਿੰਨਾ ਕੀਤਾ ਆਪਾਂ ਉਹਨਾਂ ਦਾ ਪਰ ਮਜ਼ਾਲ ਹੈ ਟੁੱਟੇ ਮੂੰਹ ਨਾਲ ਕਦੇ ਮੇਰਾ ਨਾਂ ਵੀ ਲਿਆ ਹੋਵੇ। ਮੁੰਡਾ ਨੋਕਰੀ ਕੀ ਲੱਗ ਗਿਆ ਬਸ ਸਾਰੇ ਆਪਣੇ ਆਪ ਨੂੰ ਡੀ. ਸੀ. ਹੀ ਸਮਝਣ ਲੱਗ ਗਏ ਹਨ। "

       "ਚਲੋ ਕੋਈ ਨਾ ਜੀ ਆਪਾਂ ਤਾਂ ਚੰਗੇ ਲਈ ਹੀ ਕੀਤਾ ਸੀ। ਜੇ ਅਗਲਾ ਨਹੀਂ ਤਾਂ ਨਾ ਸਹੀ। "

            "ਐ ਕਿਵੇਂ ਨਾ ਸਹੀ। ਮੇਰੇ ਹੱਥ ਵਿੱਚ ਤਾਂ ਸ਼ਾਬਾਸ਼ੀ ਲਿਖੀ ਹੀ ਨਹੀਂ ਹੈ। ਕਿੰਨਾ ਮਰਜ਼ੀ ਕਰ ਲਵਾਂ। ਅੱਜ ਤਾਂ ਸੋਚ- ਸੋਚ ਕੇ ਮੇਰਾ ਦਿਮਾਗ਼ ਹੀ ਖਰਾਬ ਹੋਇਆਂ ਪਿਆ ਹੈ। ਤੁਸੀਂ ਸੰਭਾਲ ਆੜਤ ਤੇ ਮੈਂ ਜਾਂ ਕੇ ਆਉਂਦਾ ਹਾਂ ਗੁਰੂ ਜੀ ਕੋਲ। ਉੱਥੇ ਜਾ ਕੇ ਹੀ ਸ਼ਾਂਤੀ ਮਿਲੇਗੀ। "

        "ਠੀਕ ਹੈ ਸੇਠ ਜੀ ਤੁਸੀਂ ਜਾ ਹੀ ਆਉ।ਨਹੀਂ ਤਾਂ ਐਵੇਂ ਬਲੱਡ ਪ੍ਰੈਸ਼ਰ ਵਧਾਉਣ ਦਾ ਕੀ ਫਾਇਦਾ। ਕੋਈ ਬਿਮਾਰੀ ਲਗਾ ਲਵੋਗੇ। "

                 ਸੇਠ ਜੀ ਛੇਤੀ ਹੀ ਡੇਰੇ ਵਿੱਚ ਪਹੁੰਚ ਜਾਂਦੇ ਹਨ। ਉਹ ਗੁਰੂ ਜੀ ਦੇ ਦਰਸ਼ਨਾਂ ਲਈ ਜਾਂਦੇ ਹਨ ਤਾਂ ਉਹ ਉਪਦੇਸ਼ ਦੇ ਰਹੇ ਹੁੰਦੇ ਹਨ। ਸੇਠ ਜੀ ਬਿਨਾਂ ਕੁਝ ਬੋਲੇ ਸੰਗਤ ਵਿੱਚ ਹੀ ਬੈਠ ਜਾਂਦੇ ਹਨ। 

    "ਮੈਨੂੰ ਸਾਰੇ ਦੱਸੋਂ ਤੁਸੀਂ ਕਾਟੋ ਤਾਂ ਦੇਖੀ ਹੈ। "ਗੁਰੂ ਜੀ ਸੰਗਤ ਨੂੰ ਪੁੱਛਦੇ ਹਨ। 

      " ਹਾਂ ਜੀ ਗੁਰੂ ਜੀ।"ਸਾਰੇ ਇਕੱਠੇ ਹੀ ਜਵਾਬ ਦਿੰਦੇ ਹਨ

   "ਉਹ ਸਾਹਮਣੇ ਜਿਹੜਾ ਭਾਰੀ ਜੰਗਲ ਲੱਗਿਆਂ ਹੈ ਉਹ ਸਾਰਾ ਇਹਨਾਂ ਦੀ ਹੀ ਦੇਣ ਹੈ।ਮੈਨੂੰ ਪਤਾ ਹੈ ਤੁਸੀਂ ਸਾਰੇ ਮੇਰੀ ਇਹ ਗੱਲ ਸੁਣ ਕੇ ਹੈਰਾਨ ਹੋ ਰਹੇ ਹੋਵੋਗੇ ਕਿ ਛੋਟਾ ਜਿਹਾ ਜੀਵ ਇਹਨਾਂ ਵੱਡਾ ਜੰਗਲ ਕਿਵੇਂ ਲਗਾ ਸਕਦਾ ਹੈ। ਹੈਰਾਨ ਹੋ ਨਾ ਮੇਰੀ ਗੱਲ ਸੁਣ ਕੇ।"

          "ਹਾਂ ਜੀ ਗੁਰੂ ਜੀ। " ਸਾਰਿਆਂ ਦੀ ਇੱਕ ਵਾਰ ਫ਼ੇਰ ਇਕੱਠੇ ਹੀ ਆਵਾਜ਼ ਆਉਂਦੀ ਹੈ। 

     "ਇਹ ਸਭ ਉਸਦੇ ਭੁੱਲਣ ਦੀ ਆਦਤ ਕਰਕੇ ਹੁੰਦਾ ਹੈ। ਕਾਟੋ ਆਪਣੇ ਖਾਣ ਦੇ ਲਈ ਅਲੱਗ ਅਲੱਗ ਦਰਖਤਾਂ ਦੇ ਬੀਜ ਚੁੱਕਦੀ ਹੈ ਤੇ ਜਮੀਨ ਵਿੱਚ ਜਾ ਕੇ ਲਕੋ ਦਿੰਦੀ ਹੈ ਪਰ ਜਦੋਂ ਉਸਦੇ ਖਾਣ ਦੀ ਵਾਰੀ ਆਉਂਦੀ ਹੈ ਤਾਂ ਉਹ ਭੁੱਲ ਜਾਂਦੀ ਹੈ ਕਿ ਉਸਨੇ ਬੀਜ ਕਿੱਥੇ ਲੁਕੋਇਆ ਸੀ। ਬਸ ਫ਼ੇਰ ਕੀ ਹੈ ਜਦੋਂ ਬੀਜ ਨੂੰ ਸਹੀ ਨਮੀ ਮਿਲਦੀ ਹੈ ਤਾਂ ਉਹ ਫੁੱਟ ਪੈਂਦਾ ਹੈ ਤੇ ਦੇਖਦੇ -ਦੇਖਦੇ ਹੀ ਇੱਕ ਵੱਡੇ ਦਰਖਤ ਦੇ ਵਿੱਚ ਬਦਲ ਜਾਂਦਾ ਹੈ।ਇਸ ਤਰ੍ਹਾਂ ਜਦੋਂ ਵੀ ਅਸੀ ਕਿਸੇ ਦੀ ਮਦਦ ਕਰਦੇ ਹਾਂ ਤਾਂ ਸਾਨੂੰ ਵੀ ਕਾਟੋ ਦੇ ਵਾਂਗ ਹੀ ਭੁੱਲ ਜਾਣਾ ਚਾਹੀਦਾ ਹੈ।ਕਦੇ ਵੀ ਯਾਦ ਨਹੀਂ ਰੱਖਣਾ ਚਾਹੀਦਾ ਹੈ ਤੇ ਨਾ ਹੀ ਕਿਸੇ ਕੋਲੋ ਉਸ ਕੀਤੀ ਮਦਦ ਦਾ ਫ਼ਲ ਮੰਗਣਾ ਚਾਹੀਦਾ ਹੈ। ਇਹ ਸੋਚ ਹੀ ਸਾਡੇ ਸਭ ਦੁੱਖਾਂ ਦਾ ਕਾਰਨ ਹੈ। ਬਸ ਸੋਚ ਬਦਲੋਂਗੇ ਤਾਂ ਸਭ ਬਦਲ ਜਾਵੇਗਾ।"

        ਸਾਰੇ ਕਥਾ ਸੁਣ ਕੇ ਚੱਲ ਪੈਂਦੇ ਹਨ। ਸੇਠ ਜੀ ਵੀ ਬਿਨਾਂ ਗੁਰੂ ਜੀ ਨੂੰ ਮਿਲੇ ਸੰਗਤ ਦੇ ਨਾਲ ਹੀ ਵਾਪਸ ਆ ਜਾਂਦੇ ਹਨ।ਉਹਨਾਂ ਨੂੰ ਆਪਣੇ ਸਵਾਲ ਦਾ ਜਵਾਬ ਬਿਨਾਂ ਕੀਤੇ ਹੀ ਮਿਲ ਗਿਆ ਸੀ। 

                        ਸੰਦੀਪ ਦਿਉੜਾ

                     8437556667

No comments:

Post a Comment