ਵਿਆਹ ਤੋਂ ਬਾਅਦ ਤਿੰਨ ਪੁੱਤ ਹੋਏ ਸੀ ਭਾਗਾਂ ਵਾਲੀ ਦੇ ਘਰ ।ਦੁਨੀਆ ਤਾਂ ਇਹੀ ਕਹਿੰਦੀ ਜੇਹੋ ਜਿਹਾ ਨਾਮ, ਉਹੋ ਜਿਹੇ ਹੀ ਭਾਗ ਨੇ ਭਾਗਾਂ ਵਾਲੀ ਦੇ।ਸੁਭਾਅ ਦੀ ਨਿੱਘੀ ਤੇ ਰੱਬ ਨੂੰ ਯਾਦ ਰੱਖਣ ਵਾਲੀ ਸੀ । ਘਰ ਦਾ ਸਾਰਾ ਕੰਮ ਕਰਦੀ ਬੱਚਿਆਂ ਦਾ ਧਿਆਨ ਰੱਖਦੀ। ਜ਼ਿੰਦਗੀ ਬੜੀ ਵਧੀਆ ਨਿਕਲ ਰਹੀ ਸੀ ।ਹਰ ਸਾਹ ਵਾਹਿਗੁਰੂ ਦਾ ਧੰਨਵਾਦ ਕਰਦੀ । ਪੋਰਸ ਉਸਨੂੰ ਬਹੁਤ ਪਿਆਰ ਕਰਦਾ ਸੀ ਤੇ ਉਸਦਾ ਤੇ ਤਿੰਨ ਬੱਚਿਆਂ ਦਾ ਬਹੁਤ ਧਿਆਨ ਰੱਖਦਾ।ਫਿਰ ਇਕ ਦਿਨ ਪੋਰਸ ਨੂੰ ਤਾਪ ਚੜ੍ਹਿਆ । ਰੰਗ ਪੀਲਾ ਪੈਂਦਾ ਗਿਆ ਕਿਸੇ ਵੀ ਦਵਾਈ ਦਾ ਕੋਈ ਅਸਰ ਨਹੀਂ ਹੋਇਆ ਉਸਤੇ ਉਹ ਬਚ ਨਹੀਂ ਸਕਿਆ।ਬੜੇ ਦਿਨ ਉਸਦੇ ਘਰ ਦੀਵਾ ਨਾ ਬਲ਼ਿਆ।ਦੁਨੀਆਂ ਪਲਟਣਾ ਸ਼ਾਇਦ ਇਸ ਨੂੰ ਹੀ ਕਹਿੰਦੇ ਹੋਣਗੇ। ਹੁਣ ਘਰ ਦੀ ਸਾਰੀ ਜਿੰਮੇਵਾਰੀ ਉਸ ਉਤੇ ਆ ਗਈ। ਬੱਚੇ ਅਜੇ ਛੋਟੇ ਸਨ। ਕੋਈ ਕੰਮ ਨਹੀਂ ਕਰ ਸਕਦੇ ਸੀ।ਰਿਸ਼ਤੇਦਾਰ ਕੋਈ ਲਾਗੇ ਨਾ ਲੱਗਾ। ਕੋਈ ਚਾਰ ਦਿਨ ਰੋਟੀ ਖ਼ਵਾ ਵੀ ਦੇਂਦਾ ਤਾਂ ਕਿ ਹੁੰਦਾ ਕਿਸੇ ਨੇ ਜ਼ਿੰਦਗੀ ਭਰ ਦੀ ਜਿੰਮੇਵਾਰੀ ਥੋੜ੍ਹੀ ਚੁੱਕਣੀ ਸੀ । ਇਹੀ ਸੋਚ ਉਸਨੇ ਸੋਚਿਆ ਸੀ ਕਿ ਚਾਰ ਘਰਾਂ ਦਾ ਕੰਮ ਹੀ ਕਰ ਲਵੇ। ਬਸ ਹੁਣ ਉਹ ਬੱਚਿਆਂ ਦੀ ਆਪੇ ਮਾਂ ਤੇ ਆਪੇ ਪਿਓ ਬਣ ਗਈ ਸੀ।ਬੱਚੇ ਉਸਨੇ ਇੰਞ ਹੀ ਮਿਹਨਤ ਮਜ਼ਦੂਰੀ ਕਰਦੇ ਪਾਲ ਲਏ ਸੀ। ਮੁਸ਼ਕਲਾਂ ਬੜੀਆਂ ਆਈਆਂ ਰਸਤੇ ਵਿਚ, ਪਰ ਔਰਤ ਜਦਂੋ ਇਕ ਮਾਂ ਹੁੰਦੀ ਹੈ ਤਾਂ ਫਿਰ ਉਹ ਕਤਰਾ ਕਤਰਾ ਨੁੱਚੜ ਵੀ ਜਾਵੇ ਤਾਂ ਬੱਚਿਆਂ ਦੀ ਖੁਸ਼ੀ ਦਾ ਸਬੱਬ ਬਣੀ ਰਹਿੰਦੀ ਹੈ। ਉਹ ਆਪਣੀ ਮਮਤਾ ਵਿਚ ਆਪਣੀ ਵਿੰਨ੍ਹੀ ਰੂਹ ਤੇ ਉਸਦੇ ਜਖ਼ਮ ਲੁਕਾ ਲੈਂਦੀ ਹੈ।ਉਮਰ ਇੰਞ ਹੀ ਨਿਕਲੀ ਭਾਗਾਂ ਵਾਲੀ ਦੀ।ਬੱਚੇ ਪਾਲ਼ੇ ਵੀ ਤੇ ਵਿਆਹ ਵੀ ਦਿੱਤੇ।ਹੁਣ ਵਿਹੜਾ ਤਿੰਨ ਪੁੱਤਾ ਤੇ ਨੂੰਹਾਂ ਨਾਲ ਭਰ ਗਿਆ।ਅਗਾਂਹ ਉਹਨਾਂ ਦੇ ਬੱਚੇ ਹੋ ਗਏ ।ਬੁੱਢੇ ਹੱਡ ਹੋ ਗਏ ਸਨ ਪਰ ਕੰਮ ਅਜੇ ਵੀ ਲੋਕਾਂ ਦਾ ਕਰਦੀ ਲੋਕੀ ਛੱਡਦੇ ਵੀ ਨਹੀਂ ਸਨ ।ਕਹਿੰਦੇ ਭਾਗਾ ਵਾਲੀ ਵਾਂਗ ਕੋਈ ਕੰਮ ਨਹੀਂ ਕਰਦਾ ।ਫਿਰ ਨੂੰਹਾਂ ਨੂੰ ਵੀ ਕੁੱਛ ਨਾ ਕੁੱਛ ਮਿਲਦਾ ਰਹਿੰਦਾ ਸੀ ਇਸ ਲਈ ਉਹ ਵੀ ਨਹੀਂ ਚਾਹੁੰਦੀਆਂ ਸਨ ਕਿ ਉਹ ਕੰਮ ਨਾ ਕਰੇ। ਆਪ ਵੀ ਸੋਚਦੀ ਕਿ ਜਦੋਂ ਤੱਕ ਚਲਦੀ ਰਹਾਂਗੀ ਠੀਕ ਰਹਾਂਗੀ ਬੈਠ ਗਈ ਤਾਂ ਸਿਹਤ ਹੀ ਖ਼ਰਾਬ ਹੋਣੀ।ਪੋਤਰੇ ਪੋਤਰੀਆਂ ਵੀ ਕੋਲ ਟੱਪਦੇ ਰਹਿੰਦੇ ਕਦੇ ਕੁੱਝ ਮੰਗਦੇ ਕਦੇ ਕੁੱਝ ਉਹਨਾਂ ਦੀਆਂ ਫੁਰਮਾਇਸ਼ਾਂ ਪੂਰੀਆਂ ਕਰਦੀ ਰਹਿੰਦੀ। ਬੜੀ ਦੇਰ ਪਹਿਲਾਂ ਉਸਨੇ ਸ਼ਾਇਦ ਜ਼ਿੰਦਗੀ ਆਪਣੇ ਲਈ ਜਿਉਈ ਹੋਵੇ ਹੁਣ ਤਾਂ ਉਸਨੂੰ ਇਸਦਾ ਅਰਥ ਵੀ ਪਤਾ ਨਹੀਂ ਸੀ,ਕਿ ਨਹੀਂ,,। ਇਕ ਦਿਨ ਘਰੋਂ ਗੁਰਦੁਆਰੇ ਜਾਣ ਲਈ ਨਿਕਲੀ ਤੇ ਹੋਣੀ ਵੀ ਉਸ ਦੇ ਨਾਲ ਤੁਰ ਪਈ ਜ਼ਿੰਦਗੀ ਦੇ ਇਸ ਪੜਾਅ ਤੱਕ ਅਜੇ ਜਿਸਮ ਪਿੰਜਰ ਹੋਇਆ ਸੀ ਅਜੇ ਰੂਹ ਦਾ ਗਲ਼਼ਣਾ ਬਾਕੀ ਸੀ।ਤੁਰਦੀ ਨੂੰ ਕੋਈ ਗੱਡੀ ਮਾਰ ਕੇ ਸੁੱਟ ਗਿਆ ਸੀ ।ਜਾਨ ਬੱਚ ਗਈ ਸੀ ਪਰ ਇਕ ਲੱਤ ਟੁੱਟ ਗਈ ਸੀ। ਸ਼ਰੀਰ ਬਿਰਧ ਹੋਣ ਕਾਰਨ ਲੱਤ ਦਾ ਇਲਾਜ਼ ਤਾਂ ਹੋ ਸਕਦਾ ਸੀ ਪਰ ਉਹ ਜੁੜ ਨਹੀਂ ਸਕਦੀ ਸੀ ਦੁਬਾਰਾ।ਦਰਦ ਨਾਲ ਬੜੇ ਦਿਨ ਤੜਫ਼ਦੀ ਰਹੀ ਫਿਰ ਸ਼ਾਇਦ ਉਸ ਨੂੰ ਵੀ ਜਰਨ ਦਾ ਸਬਰ ਕਰ ਗਈ। ਹੁਣ ਨੂੰਹਾਂ ਨੂੰ ਉਹ ਕਿਉਂ ਚੰਗੀ ਲੱਗੇ ।ਉਸਨੂੰ ਭੁੱਖ ਲਗਦੀ ਸੀ ,ਪਿਆਸ ਲੱਗਦੀ ਸੀ, ਤੇ ਉਹ ਕਿਹੜਾ ਕਮਾਉਂਦੀ ਸੀ। ਇਕੱਲੀ ਕਮਰੇ ਵਿੱਚ ਬੈਠੀ ਰਹਿੰਦੀ ਅਵਾਜ਼ਾਂ ਮਾਰਦੀ ਰਹਿੰਦੀ ਕਿ ਕੋਈ ਉਸ ਕੋਲ ਆ ਜਾਵੇ ਪਰ ਰੁਝਾਨ ਸਭ ਦੇ ਆਪੋ ਆਪਣੇ ਸੀ।ਉਸ ਕੋਲ ਬੈਠਣ ਦਾ ਸਮਾਂ ਕਿਸ ਕੋਲ ਹੁੰਦਾ।ਹੁਣ ਉਹ ਇੱਕਲੀ ਗੱਲਾਂ ਕਰਦੀ ਰਹਿੰਦੀ, ਇੱਕਲੀ ਹੱਸਦੀ ਰਹਿੰਦੀ ,ਕਦੇ ਰੋਂਦੀ ਰਹਿੰਦੀ, ਬੱਚੇ ਆ ਜਾਂਦੇ ਸੀ ਉਸ ਕੋਲ,,, ਪਰ ਇਸ ਵੇਲੇ ਉਸਨੂੰ ਜਿਸ ਚੀਜ਼ ਦੀ ਲੋੜ ਸੀ ਉਹ ਸਾਥ ਨਹੀਂ ਸੀ ਮਿਿਲਆ ਉਸਨੂੰ ।ਉਸਦੀਆਂ ਮੁਸ਼ਕਲਾਂ ਤਕਲੀਫ਼ਾਂ ਕਿਸਨੂੰ ਦੇਖਣੀਆਂ ਚਾਹੀਦੀਆਂ ਸੀ?ਸਵੇਰ ਹੁੰਦੀ ਤਾਂ ਉਸ ਕੋਲੋਂ ਨਹਾਇਆ ਧੋਇਆ ਨਾ ਜਾਂਦਾ । ਜਿਵੇਂ ਇਕ ਨਰਕ ਦੇਖ ਰਹੀ ਸੀ ਉਹ।ਕੋਈ ਉਸਨੂੰ ਨਾ ਨਵਾਉਂਦਾ ਨਾ ਰੋਟੀ ਪੁੱਛਦਾ ਨਾ ਕੋਲ਼ ਬੈਠਦਾ। ਉਸਦੀ ਮੁਸ਼ਕਿਲ ਵੇਖ ਕੇ ਇੱਕ ਦਿਨ ਅੰਗਰੇਜ਼ੀ ਫਲੱਸ਼ ਲਗਵਾਉਣ ਦੀ ਗੱਲ ਮੁੰਡਿਆ ਨੇ ਜਰੂਰ ਕੀਤੀ ਸੀ ਪਰ ਉਹ ਫਲੱਸ਼ ਲਗਵਾਉ ਕੌਣ ? ਭਾਗਾ ਵਾਲ਼ੀ ਦੇ ਤੇ ਤਿੰਨ ਮੁੰਡੇ ਸਨ, ਹੁਣ ਇਹ ਨਿਸ਼ਚਿਤ ਕਰਨਾ ਔਖਾ ਸੀ ਕਿ ਇਹ ਜਿੰਮੇਵਾਰੀ ਹੈ ਕਿਸਦੀ।ਸਾਰੇ ਇਕ ਦੂਜੇ ਨੂੰ ਕਹਿੰਦੇ ਕਿ ਤੂੰ ਕਰ, ਤੂੰ ਕਰ ।ਮੁੰਡੇ ਉਸ ਦੇ ਕਰਕੇ ਲੜ ਨਾ ਪੈਣ, ਇਸ ਲਈ ਉਸਨੇ ਆਪਣੀ ਮੁਸ਼ਕਲ ਮਾਰ ਹੀ ਦਿੱਤੀ ਸੀ । ਪੋਹ ਦੇ ਦਿਨ ਚੱਲ ਰਹੇ ਸਨ ਇਕ ਦਿਨ ਸਵੇਰੇ ਗੁਸਲ਼ਖਾਨੇ ਵਿੱਚ ਰਿੜ੍ਹਦੀ-ਰਿੜ੍ਹਦੀ ਗਈ ਤੜਕਾ ਸੀ, ਠੰਡ ਬਹੁਤ ਸੀ, ਕੋਈ ਜਾਗਿਆ ਨਹੀਂ ਸੀ, ਅਜੇ ਉਸ ਕੋਲ ਉਠਿਆ ਨਾ ਗਿਆ ਬਹੁਤ ਆਵਾਜ਼ਾਂ ਮਾਰੀਆਂ ਉਸਨੇ,, ਪਰ ਸ਼ਾਇਦ ਕਮਜ਼ੋਰ ਹੋ ਗਈ ਸੀ ਆਵਾਜ਼ ਹਲਕ ਵਿਚੋਂ ਨਹੀਂ ਨਿਕਲੀ ਹੋਵੇ ।ਫਿਰ ਦਿਨ ਚੜ੍ਹ ਗਿਆ ਸੀ ਉਸਨੂੰ ਸਾਰਿਆਂ ਨੇ ਬੜੀਆਂ ਆਵਾਜ਼ਾਂ ਮਾਰੀਆਂ ਪਰ ਹੁਣ ਉਹ ਸੌਂ ਗਈ ਸੀ,,, ਕਿਸੇ ਹੋਰ ਜਾਗ ਵਿਚ ਜਾਗਣ ਨੂੰ।
Good
ReplyDelete