Ranbir Aakash ( Follow On Facebook)
ਬਿਨਾ ਭਾਂਬੜ ਬਣੇ ਨਾ ਰਾਖ ਹੋ ਜਾਵਾਂ, ਦੁਆ ਦੇ ਦੇ।
ਮੇਰੇ ਅੰਦਰ ਪਈ ਧੁਖ਼ਦੀ ਚਿਣਗ, ਕੋਈ ਹਵਾ ਦੇ ਦੇ।
ਕਈ ਪਰਬਤ, ਕਈ ਦਰਿਆ ਮੈਂ ਅੱਗ ਦੇ ਪਾਰ ਕਰ ਜਾੳਂੂ,
ਕੋਈ ਰਹਿਬਰ ਅਗਰ ਮੇਰੀ ਮੁਹੱਬਤ ਦਾ ਪਤਾ ਦੇ ਦੇ।
ਬੜਾ ਚਿਰ ਸਹਿ ਲਿਆ ਹੁਣ ਖਿਸਕ ਜਾਵਣ ਹਿੱਕ ਦੇ ਪੱਥਰ,
ਖ਼ੁਦਾ ਇਸ ਧਰਤ ਨੂੰ ਐਸਾ ਕੋਈ ਇਕ ਜ਼ਲਜ਼ਲਾ ਦੇ ਦੇ।
ਤੇਰੇ ਦਰਬਾਰ ਵਿਚ ਤੈਨੂੰ ਹੀ ਮੈਂ ਲਲਕਾਰਦੇ ਰਹਿਣਾ,
ਇਹ ਸਿਰ ਹਰਗਿਜ਼ ਨਹੀਂ ਝੁਕਣਾ, ਤੂੰ ਆਪਣਾ ਫੈਸਲਾ ਦੇ ਦੇ।
ਮੇਰੇ ਹਮਦਰਦ ਮੇਰੇ ਵਾਸਤੇ ਕਰਦੈਂ ਦੁਆਵਾਂ ਤੂੰ,
ਅਗਰ ਤੇਰੀ ਦੁਆ ਵਿਚ ਤੂੰ ਨਹੀਂ ਤਾਂ ਬਦਦੁਆ ਦੇ ਦੇ।
ਮੇਰੀ ਮੰਜ਼ਿਲ ਹੈ ਤੂੰ, ਤੇਰੇ ਬਿਨਾਂ ਕੁਝ ਵੀ ਗਵਾਰਾ ਨਾ,
ਬੇਸ਼ੱਕ ਜੱਨਤ ਵੀ ਮਿਲ ਜਾਵੇ, ਹਰ ਇਕ ਤੁਹਫ਼ਾ ਖ਼ੁਦਾ ਦੇ ਦੇ।
ਤੇਰੇ ਹੱਥੋਂ ਹੀ ਮੁੜ ਮੁੜ ਮਰਨ ਦੀ ਹੈ ਲਾਲਸਾ ਮੈਨੂੰ,
ਮੇਰੇ ਕਾਤਿਲ ਝਲਕ ਆਪਣੀ ਤੂੰ ਮੁੜ ਇਕ ਮਰਤਬਾ ਦੇ ਦੇ।
ਪਰਿੰਦੇ ਵਾਂਗ ਤੂੰ ਪਰਵਾਜ਼ ਭਰ ਆਕਾਸ਼ ’ਤੇ ਆ ਜਾ,
ਉਚਾਈ ਛੂਹ ਲਵੇਂਗਾ ਬਸ ਪਰਾਂ ਨੂੰ ਹੌਸਲਾ ਦੇ ਦੇ।
No comments:
Post a Comment