Azeem Shekhar ( Follow On Facebook)
ਖ਼ਿਆਲ ਤੇਰਾ ਆਉਣ ’ਤੇ ਜਦ ਮੁਸਕਰਾ ਕੇ ਵੇਖਦਾਂ।
ਦਰਦ ਦੇ ਦਰਿਆ ਲਈ ਕਿਸ਼ਤੀ ਬਣਾ ਕੇ ਵੇਖਦਾਂ।
ਜ਼ਿੰਦਗੀ ਦੇ ਰਿਸ਼ਤਿਆਂ ’ਚੋਂ ਜੋ ਬੁਝੇ ਮੋਹ ਦੇ ਚਿਰਾਗ਼,
ਤੂੰ ਵੀ ਕੁਝ ਕੋਸ਼ਿਸ਼ ਕਰੀਂ ਮੈਂ ਵੀ ਜਗਾ ਕੇ ਵੇਖਦਾਂ।
ਨਜ਼ਰ ਪੜ੍ਹਦੀ ਹੈ ਜਦੋਂ ਵੀ ਪੀੜ ਦੀ ਆਤਮ-ਕਥਾ,
ਸਾਂਝੀਆਂ ਯਾਦਾਂ ਨੂੰ ਮੈਂ ਫਿਰ ਤੋਂ ਸਜਾ ਕੇ ਵੇਖਦਾਂ।
ਵੇਖ ਕੇ ਚੁਲ੍ਹਿਆਂ ਦੀ ਅੱਗ ਨੂੰ, ਸ਼ਾਂਤ ਹੋਵਣ ਜੋ ਸਵਾਲ,
ਤੜਪਦੇ ਨੇ ਫਿਰ ਜਦੋਂ ਸੜਕਾਂ ’ਤੇ ਜਾ ਕੇ ਵੇਖਦਾਂ।
ਹੋ ਗਏ ਮੌਸਮ ਵਿਉਪਾਰੀ, ਆਪਣਾ ਰੱਖੀਂ ਖ਼ਿਆਲ,
ਮੈਂ ਇਹਨਾਂ ਦੇ ਸਿਤਮ ਤਾਂ ਅਕਸਰ ਹੰਢਾ ਕੇ ਵੇਖਦਾਂ।
ਕਿਉਂ ਨਹੀਂ ਹੁੰਦੀ ਜੁਦਾ ਬੂਹੇ ਤੋਂ ਇਕ ਦਸਤਕ ‘ਅਜ਼ੀਮ’!
ਸਿਮਰਤੀ ’ਚੋਂ ਆਪਣੇ ਜਿਸ ਨੂੰ ਮਿਟਾ ਕੇ ਵੇਖਦਾਂ।
ਸੰਪਰਕ : 0044 791 625 7981
No comments:
Post a Comment