ਬ੍ਰਿਟਿਸ਼ ਸ਼ਾਸਨ ਵਿਰੁੱਧ ਪਹਿਲੇ ਨਾਇਕ ਨੂੰ ਯਾਦ ਕਰਦਿਆਂ.......
ਭਾਰਤੀ ਮਹਾਂਦੀਪ ਵਿੱਚ ਵਪਾਰ ਕਰਨ ਆਈ ਈਸਟ ਇੰਡੀਆ ਕੰਪਨੀ ਦੀ ਸ਼ੁਰੂਆਤ 31 ਦਸੰਬਰ 1600 ਈਸਵੀ ਵਿੱਚ ਇੰਗਲੈਂਡ ਦੀ ਰਾਣੀ ਤੋਂ ਮਿਲੇ ਸ਼ਾਹੀ ਦਸਤਾਵੇਜ਼ ਨਾਲ ਹੋਈ ਸੀ। ਇਕ ਸਮੁੰਦਰੀ ਜਹਾਜ਼ Red Dragon ਰਾਹੀਂ ਭਾਰਤ ਵੱਲ ਆਏ ਗੋਰਿਆਂ ਦੀ ਪਹਿਲੀ ਲੜਾਈ ਭਾਰਤ ਦੀ ਧਰਤੀ ਤੇ ਗੁਜਰਾਤ ਵਿੱਚ ‘ਸਵਾਲੀ’ ਦੇ ਸਥਾਨ ਤੇ 1612 ਵਿੱਚ ਪੁਰਤਗਾਲੀਆਂ ਨਾਲ ਹੋਈ, ਜਿਸ ਵਿੱਚ ਉਹ ਜੇਤੂ ਰਹੇ। ਬਾਦਸ਼ਾਹ ਜੇਮਜ਼ ਪਹਿਲੇ ਦੇ ਨਿਰਦੇਸ਼ ਅਨੁਸਾਰ ‘ਸਰ ਥਾਮਸ ਰੋਅ’ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਕੰਪਨੀ ਲਈ ਭਾਰਤ ਵਿੱਚ ਵਪਾਰ ਦੀ ਪ੍ਰਵਾਨਗੀ ਲੈ ਲੈਂਦਾ ਹੈ। ਇਸ ਤੋਂ ਬਾਅਦ ਹੌਲੀ ਹੌਲੀ ਈਸਟ ਇੰਡੀਆ ਕੰਪਨੀ ਦੱਖਣ ਅਤੇ ਬੰਗਾਲ ਵਿੱਚ ਆਪਣੀਆਂ ਫ਼ੈਕਟਰੀਆਂ ਅਤੇ ਵਪਾਰਿਕ ਤਾਣੇ-ਬਾਣੇ ਰਾਹੀਂ ਰਾਜਨੀਤਕ ਤਾਕਤ ਵੱਲ ਵੱਧਦੀ ਹੋਈ ਆਖ਼ਰ ਨੂੰ ਪੂਰੇ ਭਾਰਤ ਦੀ ਮਾਲਕ ਬਣ ਗਈ। ਭਾਰਤ ਦਾ ਜੋ ਨਕਸ਼ਾ ਅੱਜ ਅਸੀਂ ਵੇਖਦੇ ਹਾਂ ਇਹ ਕਦੀ ਵੀ ਇਸ ਰੂਪ ਵਿੱਚ ਮੌਜੂਦ ਨਹੀਂ ਸੀ, ਭਾਰਤ ਵਿੱਚ ਕੌਮੀ ਰਾਸ਼ਟਰਵਾਦ ਦਾ ਉਭਾਰ ਵੀ ਵੀਹਵੀਂ ਸਦੀ ਦੇ ਅਰੰਭ ਵਿੱਚ ਅੰਗਰੇਜ਼ਾਂ ਦੇ ਰਾਜ ਵਿੱਚ ਹੀ ਹੋਇਆ ਸੀ। ਬੇਸ਼ੱਕ 1857 ਦੀ ਬਗ਼ਾਵਤ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਕਹਿ ਦਿੱਤਾ ਜਾਂਦਾ ਹੈ, ਪਰ ਮੰਗਲ ਪਾਂਡੇ ਦੀ ਨਾਬਰੀ ਤੋਂ ਸ਼ੁਰੂ ਹੋਈ ਗ਼ਦਰ ਦੀ ਚੰਗਿਆੜੀ ਅਸਲ ਵਿੱਚ ਇਕ ਬਹੁ-ਰਿਆਸਤੀ ਵਿਦਰੋਹ ਹੀ ਸੀ। ਮੰਗਲ ਪਾਂਡੇ ਅਜ਼ਾਦੀ ਦੇ ਸੰਗਰਾਮ ਦਾ ਪਹਿਲਾ ਸ਼ਹੀਦ ਨਹੀਂ ਹੈ। ਇਸ ਤੋਂ ਵੀ ਕਿਤੇ ਪਹਿਲਾਂ ਦੱਖਣ ਵਿੱਚ ਕੁੱਝ ਵਿਦਰੋਹ ਹੋਏ ਸਨ, ਪਰ ਦੇਸ਼ ਭਗਤੀ ਦੇ ਜਜ਼ਬੇ ਦੀ ਉਹ ਕੁਰਬਾਨੀਆਂ ਭਰੀਆਂ ਪਹਿਲੀਆਂ ਉਦਹਾਰਨਾਂ ਅਣਗੌਲੀਆਂ ਹੀ ਪਈਆਂ ਹਨ। ਆਓ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਉਸ ਮੁੱਢਲੇ ਦੌਰ ਦੇ ਪਹਿਲੇ ਪਤੰਗਿਆਂ ਵਿੱਚੋਂ ਇਕ ਸੂਰਬੀਰ ਦੀ ਕਹਾਣੀ ਜਾਣੀਏ, ਜਿਸ ਦਾ ਨਾਮ ਸੀ- Maveeran Alagumuthu Kone ਮਵੀਰਨ ਅਲਗੂ ਮੁਥੂ ਜਾਧਵ ਭਾਰਤ ਦੇ ਮੌਜੂਦਾ ਤਾਮਿਲਨਾਡੂ ਸੂਬੇ ਦਾ ਰਹਿਣ ਵਾਲਾ ਸੀ। ਉਸਦਾ ਜਨਮ 11 ਜੁਲਾਈ 1710 ਈਸਵੀ ਨੂੰ ਜ਼ਿਲ੍ਹਾ ਤੂਤੀਕੋਰਨ ਦੇ ਪਿੰਡ ਕੈਟਲਨਮਕੁਲਮ ਵਿਖੇ ਜਾਦਵ ਪਰਿਵਾਰ ਵਿੱਚ ਹੋਇਆ ਸੀ। ਉਹ ਪਹਿਲਾ ਦੇਸ਼ ਭਗਤ ਸੀ, ਜਿਸ ਨੇ ਫ਼ਰੰਗੀਆਂ ਦੇ ਖਿਲਾਫ਼ ਹਥਿਆਰਬੰਦ ਲੜਾਈ ਲੜੀ ਸੀ। ਸੰਨ੍ਹ 1750 ਵਿੱਚ ਬ੍ਰਿਟਿਸ਼ ਕਲੋਨੀਅਲ ਆਰਮੀ ਨੇ ਆਰਕੋਟ ਦੇ ਨਵਾਬ ਨੂੰ ਹਰਾ ਦਿੱਤਾ ਅਤੇ ਤ੍ਰਿਨੁਏਵਾਲੀ/ਮੁਦਰਾਏ ਤੋਂ ਸਿੱਧਾ ਟੈਕਸ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਕੰਪਨੀ ਵੱਲੋਂ ਨਿਯੁਕਤ ਕਮਾਂਡਰ ਖਾਨ ਸਾਬ ਨੇ ਜਦੋਂ ਜਬਰੀ ਟੈਕਸ ਇਕੱਤਰ ਕਰਨਾ ਸ਼ੁਰੂ ਕੀਤਾ ਤਾਂ ਇਸ ਦੌਰਾਨ ਉਸਦਾ ਏਟਾਇਆਪੁਰਮ ਦੇ ਸ਼ਾਸਕ ਨਾਲ ਵਿਵਾਦ ਹੋ ਗਿਆ। ਉਸ ਨੇ ਹਮਲਾ ਕਰਕੇ ਏਟੱਪਾ ਨਾਇਕਰ ਨੂੰ ਕੈਦ ਕਰ ਲਿਆ। ਪਰ ਉਸਦੇ ਇਕ ਜਰਨੈਲ ਵੀਰ ਅਲਗੂ ਮੁੱਥੂ ਕੋਨਰ ਨੇ ਬਹਾਦਰੀ ਨਾਲ ਉਸ ਨੂੰ ਕੈਦ ਵਿੱਚੋਂ ਕੱਢ ਲਿਆ ਅਤੇ ਉਹ ਜੰਗਲ਼ਾਂ ਵਿੱਚ ਰੂਪੋਸ਼ ਹੋ ਗਏ। ਉਸ ਤੋਂ ਬਾਅਦ ਚੱਲੇ ਰਾਜਸੱਤਾ ਤੇ ਕਬਜ਼ੇ ਦੇ ਘਟਨਾਕ੍ਰਮ ਵਿੱਚ ਜਦੋਂ ਏਟੱਪਾ ਨਾਇਕਰ ਦੇ ਭਰਾ ਨੇ ਰਾਜਾ ਹੋਣ ਦਾ ਦਾਅਵਾ ਕੀਤਾ ਤਾਂ ਸਦਮੇ ਵਿੱਚ ਉਸ ਦੀ ਮੌਤ ਹੋ ਗਈ।
ਉਸ ਦੀ ਮੌਤ ਤੋਂ ਬਾਅਦ ਵੀਰ ਅਲਗੂ ਮੁੱਥੂ ਕੋਨਰ ਨੇ ਸਥਾਨਿਕ ਲੋਕਾਂ ਨੂੰ ਇਕੱਤਰ ਕਰਕੇ ਹਥਿਆਰਬੰਦ ਟਰੇਨਿੰਗ ਦੇ ਕੇ ਬਾਗ਼ੀਆਂ ਦੀ ਇਕ ਟੁੱਕੜੀ ਤਿਆਰ ਕਰ ਲਈ। ਉਸ ਨੇ ਏਟਾਇਆਪੁਰਮ ਦੇ ਮ੍ਰਿਤਕ ਸ਼ਾਸਕ ਦੀ ਜਗਾ ਵੈਂਕਟੇਸ਼ਵਰਾ ਨੂੰ ਨਵਾਂ ਸ਼ਾਸਕ ਘੌਸ਼ਿਤ ਕਰਕੇ ਬ੍ਰਿਟਿਸ਼ ਸ਼ਾਸਨ ਦੇ ਖਿਲਾਫ ਲੜਾਈ ਅਰੰਭ ਦਿੱਤੀ। ਸੀਮਤ ਸਾਧਨਾਂ ਨਾਲ ਉਸ ਵੇਲੇ ਈਸਟ ਇੰਡੀਆ ਕੰਪਨੀ ਦੇ ਖਿਲਾਫ਼ ਲੜਣਾ ਕੋਈ ਸੌਖੀ ਗੱਲ ਨਹੀਂ ਸੀ, ਪਰ ਅਲਗੂ ਮੁੱਥੂ ਕੋਨਰ ਦੀ ਅਗਵਾਈ ਵਿੱਚ ਬਾਗ਼ੀਆਂ ਦੇ ਹੌਸਲੇ ਬੁਲੰਦ ਸਨ। ਬ੍ਰਿਟਿਸ਼ ਸੈਨਾ ਨਾਲ ਸਿੱਧੀ ਟੱਕਰ ਲੈਣ ਦੀਆਂ ਤਿਆਰੀਆਂ ਚੱਲ ਹੀ ਰਹੀਆਂ ਸਨ ਕਿ ਇਕ ਮੁਖ਼ਬਰ ਸ਼ਿਵਾਸਨ ਗਰਾਮ ਪਿਲੇ ਦੀ ਗ਼ਦਾਰੀ ਕਾਰਨ ਉਹ 1759 ਵਿਚ ਤਾਮਿਲਨਾਡੂ ਵਿੱਚ ਪੈਂਦੇ Bethanayakanur ਨਾਂ ਦੇ ਪਿੰਡ ਵਿੱਚ ਘਿਰ ਗਏ। ਚਾਰ ਚੁਫੇਰੇ ਫ਼ਰੰਗੀ ਸੈਨਾ ਦਾ ਚੱਕਰਵਿਊ ਵਿਛ ਗਿਆ। ਬੰਦੂਕਾਂ ਅਤੇ ਤੋਪਾਂ ਨਾਲ ਲੈਸ ਭਾਰੀ ਸੈਨਾ ਨਾਲ ਹੋਈ ਸੰਖੇਪ ਜਹੀ ਲੜਾਈ ਤੋਂ ਬਾਅਦ ਜਰਨੈਲ ਵੀਰ ਅਲਗੂ ਮੁੱਥੂ ਕੋਨਰ ਨੂੰ ਉਸਦੇ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਮਵੀਰਨ ਅਲਗੂ ਮੁੱਥੂ ਤੇ ਉਸਦੇ 7 ਮੁੱਖ ਗੁਰੀਲੇ ਕਮਾਂਡਰਾਂ ਨੂੰ ਰੱਸਿਆਂ ਵਿੱਚ ਨੂੜਣ ਤੋਂ ਬਾਅਦ ਉਸ ਦੇ 248 ਜੰਗਜੂਆਂ ਨੂੰ ਬ੍ਰਿਟਿਸ਼ ਸੈਨਿਕਾਂ ਨੇ ਤਲਵਾਰਾਂ ਨਾਲ ਕੁੱਝ ਹੀ ਮਿੰਟਾਂ ਵਿੱਚ ਟੋਟੇ ਟੋਟੇ ਕਰਕੇ ਮੌਤ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਅਤੇ ਉਸਦੇ ਮੁੱਖ ਸਾਥੀਆਂ ਨੂੰ ਰੱਸਿਆਂ ਨਾਲ ਬੰਨ ਕੇ ਤੋਪਾਂ ਦੇ ਸਾਹਮਣੇ ਖੜਿਆਂ ਕਰ ਦਿੱਤਾ ਗਿਆ। ਜਿਵੇਂ ਪੰਜਾਬ ਵਿੱਚ ਨਾਮਧਾਰੀ ਕੂਕਿਆਂ ਨੂੰ ਤੋਪਾਂ ਨਾਲ ਉਡਾ ਕੇ ਮਾਰਿਆ ਗਿਆ ਸੀ, ਉਵੇਂ ਹੀ ਆਜ਼ਾਦੀ ਲਈ ਹੋਏ ਇਸ ਪਹਿਲੇ ਸੰਗਰਾਮ ਦੇ ਨਾਇਕ ਵੀਰ ਅਲਗੂ ਮੁੱਥੂ ਜਾਧਵ ਨੂੰ ਉਸਦੇ ਸੱਤੇ ਕਮਾਂਡਰਾਂ ਸਮੇਤ ਬੰਬਾਂ ਨਾਲ ਰੂੰ ਦੇ ਫੰਬਿਆਂ ਵਾਂਗ ਉਡਾ ਦਿੱਤਾ ਗਿਆ। ਦੱਖਣ ਭਾਰਤ ਵਿੱਚ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਦੇ ਖਿਲਾਫ਼ ਉੱਠਿਆ ਇਹ ਪਹਿਲਾ ਅੰਦੋਲਨ ਬੇਸ਼ੱਕ ਦਬਾ ਦਿੱਤਾ ਗਿਆ, ਪਰ ਉਨ੍ਹਾਂ ਸੂਰਬੀਰਾਂ ਦੀ ਕੁਰਬਾਨੀਆਂ ਭਰੀ ਗਾਥਾ ਸਦਾ ਲਈ ਇਤਿਹਾਸ ਦੇ ਪੰਨਿਆਂ ਵਿੱਚ ਚਮਕਦੀ ਰਹੇਗੀ। ਵੀਹਵੀਂ ਸਦੀ ਦੇ ਆਖ਼ਰੀ ਦਸ਼ਕ ਵਿੱਚ ਜਦੋਂ ਉਸ ਸੰਗਰਾਮੀ ਨਾਇਕ ਦਾ ਇਤਿਹਾਸ ਪਹਿਲੀ ਵਾਰ ਚਰਚਾ ਵਿੱਚ ਆਇਆ ਤਾਂ ਰਾਜ ਸਰਕਾਰ ਨੇ 1994 ਵਿੱਚ 11 ਜੁਲਾਈ ਦਾ ਦਿਨ ਹਰ ਸਾਲ ਉਸ ਦੇ ਜਨਮ ਦਿਹਾੜੇ ਵਜੋਂ ਮਨਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਸੰਨ੍ਹ 1996 ਵਿੱਚ ਉਸਦਾ ਕਾਂਸੇ ਦਾ ਵੱਡ ਆਕਾਰੀ ਬੁੱਤ ਮਦਰਾਸ ਐਗਮੋਰ ਰੇਲਵੇ ਸਟੇਸ਼ਨ ਕੋਲ ਸਥਾਪਿਤ ਕੀਤਾ ਗਿਆ। ਸੰਨ੍ਹ 2015 ਵਿੱਚ ਉਸ ਨੂੰ ਸ਼ਰਧਾਂਜਲੀ ਦਿੰਦਿਆਂ ਭਾਰਤੀ ਸਰਕਾਰ ਵੱਲੋਂ ਇਕ ਡਾਕ ਟਿਕਟ ਵੀ ਜਾਰੀ ਕੀਤਾ ਗਿਆ।
ਸਰਬਜੀਤ ਸੋਹੀ, ਆਸਟਰੇਲੀਆ
No comments:
Post a Comment