ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, May 23, 2022

ਗ਼ਜ਼ਲ - ਹਰਜਿੰਦਰ ਕੰਗ





ਮੈਂ ਚਿਰਾਂ ਤੋਂ ਫਿਰ ਰਿਹਾ ਹਾਂ ਜ਼ਿੰਦਗੀ ਦੀ ਭਾਲ ਵਿਚ।
ਨਿਰ-ਸੁਆਰਥ ਹੀ ਉਨ੍ਹਾਂ ਦੀ ਦੋਸਤੀ ਦੀ ਭਾਲ ਵਿਚ।

ਜੇਬ ਨੋਟਾਂ ਨਾਲ ਭਰ ਲੈ ਲਭ ਸਿਫ਼ਾਰਿਸ਼ ਵੀ ਕੋਈ,
ਦੋਸਤਾ! ਜੇ ਚੱਲਿਐਂ ਤੂੰ ਨੌਕਰੀ ਦੀ ਭਾਲ ਵਿਚ।

ਝੌਂਪੜੀ ਤੋਂ ਮਹਿਲ ਤਕ ਚਾਨਣ ਕਰੇ ਇਕ ਸਾਰ ਜੋ,
ਲੜ ਰਹੇ ਹਾਂ ਦੇਰ ਤੋਂ ਉਸ ਰੌਸ਼ਨੀ ਦੀ ਭਾਲ ਵਿਚ।

ਦਿਨ-ਬ-ਦਿਨ ਹਾਲਤ ਵਿਗੜਦੀ ਜਾ ਰਹੀ ਹੈ ਏਸ ਦੀ,
ਤੁਰ ਪਓ ਛੇਤੀ ਤੁਸੀਂ ਹੁਣ ਮਾਂਦਰੀ ਦੀ ਭਾਲ ਵਿਚ।

ਜੋ ਲਿਜਾਏ ਠੀਕ ਪਾਸੇ ਏਸ ਦਾ ਸੰਘਰਸ਼-ਰਥ,
ਫਿਰ ਰਹੀ ਹੈ ਜ਼ਿੰਦਗੀ ਉਸ ਸਾਰਥੀ ਦੀ ਭਾਲ ਵਿਚ।

ਆਦਮੀ ਦੇ ਭੇਸ ਵਿਚ ਹੁਣ ਆਦਮੀ ਮਿਲਦਾ ਨਹੀਂ,
ਆਦਮੀਅਤ ਫਿਰ ਰਹੀ ਹੈ ਆਦਮੀ ਦੀ ਭਾਲ ਵਿਚ।

‘ਕੰਗ’ ਹੈ ਇਸ ਦੌਰ ਵਿਚ ਹਰ ਮੋੜ ’ਤੇ ਫੈਸ਼ਨ ਨਵਾਂ,
ਵਕਤ ਕਿਉਂ ਤੂੰ ਗਾਲ਼ਦਾ ਏਂ ਸਾਦਗੀ ਦੀ ਭਾਲ ਵਿਚ।
ਮੋਬਾਈਲ : 001 559 917 4890

No comments:

Post a Comment