ਸਹਿ-ਸੁਭਾਅ ਹੀ ਓਸ ਨੇ, ਜਦ ਝਾਤ ਪਾ ਕੇ ਵੇਖਿਆ।
ਸਰਦਲਾਂ ਦੀ ਚੁੱਪ ਨੇ, ਕੁਝ ਮੁਸਕਰਾ ਕੇ ਵੇਖਿਆ।
ਹਾਣ ਮੇਰੇ ਦਾ ਕਿਤੇ, ਕੁਝ ਵੀ ਨਾ ਦਿਸਿਆ ਸੀ, ਜਦੋਂ,
ਜ਼ਿੰਦਗੀ ਨੂੰ ਓਸ ਦੀ, ਐਨਕ ਲਗਾ ਕੇ ਵੇਖਿਆ।
ਉਹ ਮੁਖ਼ਾਤਿਬ ਹੋਣ ਦਾ, ਕੁਝ ਵੱਖਰਾ ਅੰਦਾਜ਼ ਸੀ,
ਦੂਰ ਤੋਂ ਕਹਿ ਸੁਣ ਲਿਆ, ਨਾ ਕੋਲ ਆ ਕੇ ਵੇਖਿਆ।
ਪੂਜਣਾ ਚਾਹੁੰਦਾ ਹਾਂ ਤੈਨੂੰ, ਮੈਂ ਮਸੀਹਾ ਥਾਪ ਕੇ,
ਤੂੰ ਨਾ ਸੂਲੀ ਵੱਲ ਪਰ, ਨਜ਼ਰਾਂ ਉਠਾ ਕੇ ਵੇਖਿਆ।
ਉਹ ਸਦਾ ਗਮਲੇ ’ਚ ਖਿੜਿਆ ਸੀ ਤੇ ਮੁਰਝਾਇਆ ਉਦੋਂ,
ਮੈਂ ਜਦੋਂ ਵੀ ਓਸ ਨੂੰ, ਖੇਤਾਂ ’ਚ ਲਾ ਕੇ ਵੇਖਿਆ।
ਉਹ ਸਦਾ ਨਿਭਿਆ ਹੈ ਮੇਰੇ ਨਾਲ, ਕਿਉਂਕਿ ਓਸ ਨੂੰ,
ਮੈਂ ਕਦੇ ਨਹੀਂ ਰਿਸ਼ਤਿਆਂ ’ਤੋਂ, ਬਾਹਰ ਜਾ ਕੇ ਵੇਖਿਆ।
ਤਾਂ ਹੀ ਖ਼ੰਜਰ ਤਕ ਪਹੁੰਚਦੈ, ਹੱਥ ਤੇਰਾ, ਜਾਪਦੈ,
ਤੂੰ ਨਹੀਂ ਕੋਈ ਗੀਤ ਮੇਰਾ, ਗੁਣਗੁਣਾ ਕੇ ਵੇਖਿਆ।
ਮੈਂ ਕਿਵੇਂ ਸੁਰਜੀਤ ਹੁੰਦਾ ਹਾਂ, ਕਿਵੇਂ ਸਮਝੇਂਗਾ ਤੂੰ,
ਤਿਤਲੀਆਂ ਸੰਗ ਤੂੰ ਨਾ ਕੋਈ ਪਲ ਬਿਤਾ ਕੇ ਵੇਖਿਆ।
No comments:
Post a Comment