ਕੀ ਹੋਇਐ ਜੇ ਮਿੱਟੀ ਵਰਗੀ ਜੂਨ ਹੰਢਾਉਂਦੇ ਹਾਂ।
ਫਿਰ ਵੀ ਆਪਾਂ ਫੁੱਲਾਂ ਦੇ ਵਾਂਗੂੰ ਮੁਸਕਾਉਂਦੇ ਹਾਂ।
ਐਵੇਂ ਨਾ ਕਾਗਜ਼ ਦੀ ਕਿਸ਼ਤੀ ’ਤੇ ਮਰ ਮਿਟਿਆ ਕਰ,
ਸ਼ਾਮ-ਸਵੇਰੇ ਅਪਣੇ ਦਿਲ ਨੂੰ ਇਹ ਸਮਝਾਉਂਦੇ ਹਾਂ।
ਉਹ ਜੇ ਸਾਥੋਂ ਅੱਖਾਂ ਫੇਰ ਗਏ ਤਾਂ ਕੀ ਹੋਇਆ,
ਆਪਾਂ ਤਾਂ ਬੱਸ ਅਪਣੇ ਕੀਤੇ ਕੌਲ ਪੁਗਾਉਂਦੇ ਹਾਂ।
ਪੈਰਾਂ ਦੇ ਵਿਚ ਛਾਲੇ, ਮੂੰਹ ’ਤੇ ਤਾਲਾ ਲੱਗਾ ਹੈ,
ਸਾਡਾ ਜਿਗਰਾ ਹੈ ਫਿਰ ਵੀ ਨੱਚਦੇ ਤੇ ਗਾਉਂਦੇ ਹਾਂ।
ਝੱਖੜ-ਝੇੜੇ ਸਾਡਾ ਰਸਤਾ ਰੋਕ ਨਹੀਂ ਸਕਦੇ,
ਮਾਰੂਥਲ ਜਾਂ ਪਰਬਤ ਤੋਂ ਵੀ ਕਦ ਘਬਰਾਉਂਦੇ ਹਾਂ।
ਤੂੰ ਕੀ ਜਾਣੇ ਦਿਨ ਦਾ ਵਕਤ ਬਿਤਾਈਦਾ ਕਿੱਦਾਂ,
ਤਨਹਾਈ ਵਿਚ ਕਿੱਦਾਂ ਅਪਣੀ ਰਾਤ ਬਿਤਾਉਂਦੇ ਹਾਂ।
ਉਲਟ ਦਿਸ਼ਾ ਵਲ ਜਾਣਾ ਸਾਡੀ ਆਦਤ ਹੈ ਮੁੱਢੋਂ,
ਦਰਿਆ ਵਾਂਗੂੰ ਅਪਣਾ ਰਸਤਾ ਆਪ ਬਣਾਉਂਦੇ ਹਾਂ।
ਉਹ ਸਾਡੇ ਰਾਹਾਂ ਵਿਚ ਕੰਡੇ ਰੋਜ਼ ਵਿਛਾਉਂਦਾ ਏ,
‘ਭੁੱਲਰ’ ਜਿਸਦੇ ਰਾਹ ਵਿਚ ਆਪਾਂ ਫੁੱਲ ਵਿਛਾਉਂਦੇ ਹਾਂ।
ਮੋਬਾਈਲ : 0044 788 601 3232
Nice
ReplyDelete