ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, July 4, 2020

ਬੜੇ ਚਿਰਾਂ ਤੋਂ ਖ਼ਤ ਨਹੀਂ ਆਇਆ - ਜਸਵਿੰਦਰ ਫਗਵਾੜਾ

ਬੜੇ ਚਿਰਾਂ ਤੋਂ ਖ਼ਤ ਨਹੀਂ ਆਇਆ
ਨਿੱਘੇ- ਨਿੱਘੇ  ਹੱਥਾਂ  ਵਿੱਚੋਂ
ਮਹਿਕੇ ਮਹਿਕੇ ਪੱਥਾਂ ਵਿੱਚੋਂ
ਖੁਸ਼ਬੂ ਭਰੀਆਂ ਸਾਵ੍ਹਾਂ ਵਿੱਚੋਂ
ਕੋਮਲ ਨਾਜ਼ੁਕ ਭਾਵਾਂ ਵਿੱਚੋਂ
ਸੋਨੇ ਵਰਗੀਆਂ ਧੁੱਪਾਂ ਵਿੱਚੋਂ
ਦਰਦ ਵਰਗੀਆਂ ਚੁੱਪਾਂ ਵਿੱਚੋਂ
ਨਾ ਦੋ ਪਲ਼ ਦੀ ਖੁਸ਼ੀ ਲਿਆਇਆ
ਬੜੇ ਚਿਰਾਂ ਤੋਂ ਖ਼ਤ ਨਹੀਂ ਆਇਆ

ਡੂੰਘੇ ਜਿਹੇ ਜਜ਼ਬਾਤਾਂ ਵਾਲਾ
ਮਿੱਠੀਆਂ ਮਿੱਠੀਆਂ ਬਾਤਾਂ ਵਾਲਾ
ਡੁੱਲ੍ਹਦੇ ਡੁੱਲ੍ਹਦੇ ਪਿਆਰਾਂ ਵਾਲਾ
ਵਾਅਦੇ ਤੇ ਇਕਰਾਰਾਂ ਵਾਲਾ 
ਗੀਤਾਂ ਵਰਗੀਆਂ ਤਰਜ਼ਾਂ ਵਾਲਾ
ਅਹਿਸਾਸਾਂ ਤੇ ਫ਼ਰਜ਼ਾਂ ਵਾਲਾ
ਭੁੱਲ ਗਿਆ ਸ਼ਾਇਦ ਦਰਦ ਪਰਾਇਆ
ਬੜੇ ਚਿਰਾਂ ਤੋਂ ਖ਼ਤ ਨਹੀਂ ਆਇਆ

ਸ਼ਾਇਦ ਉਹਨੇ ਲਿਖਿਆ ਹੋਵੇ
ਡਾਕ 'ਚ ਪਾਉਣਾ ਮਿਥਿਆ ਹੋਵੇ
ਪਰ ਉਹ ਪਾ ਨਾ ਸਕਿਆ ਹੋਵੇ
ਖ਼ੁਦ ਵੀ ਆ ਨਾ ਸਕਿਆ ਹੋਵੇ
ਜੱਗ ਤੋਂ ਡਰਦਾ ਰਹਿ ਗਿਆ ਹੋਵੇ
ਦੋ -ਚਿੱਤੀ ਵਿੱਚ ਪੈ ਗਿਆ ਹੋਵੇ
ਜਾਂ ਫਿਰ ਉਹਨੇ ਪਿਆਰ ਭੁਲਾਇਆ
ਬੜੇ ਚਿਰਾਂ ਤੋਂ ਖ਼ਤ ਨਹੀਂ ਆਇਆ

ਦਿਲ 'ਤੇ ਕੀ-ਕੀ ਬੀਤੀ ਹੋਣੀ
ਜ਼ਹਿਰ ਗਮਾਂ ਦੀ ਪੀਤੀ ਹੋਣੀ
ਨਦੀ ਨੀਰ ਦੀ ਵਹਿ ਗਈ ਹੋਣੀ
ਸਭ ਕੁਝ ਰੋੜ ਕੇ ਲੈ ਗਈ ਹੋਣੀ
ਫੇਰ  ਉਦਾਸੀ  ਛਾਈ   ਹੋਣੀ
ਜਿੰਦ ਬੜੀ ਘਬਰਾਈ  ਹੋਣੀ
ਨਾ ਲਿਖ ਹੋਇਆ ਜੇਕਰ ਚਾਇਆ
ਬੜੇ ਚਿਰਾਂ ਤੋਂ ਖ਼ਤ ਨਹੀਂ ਆਇਆ

****ਜਸਵਿੰਦਰ ਫਗਵਾੜਾ******

No comments:

Post a Comment