ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, June 27, 2020

ਪੈਗਾਮ ਮੁਹੱਬਤੀ ਵੰਡਦੇ - ਕੁਲਦੀਪ ਦਰਾਜ਼ਕੇ


ਪੈਗਾਮ ਮੁਹੱਬਤੀ ਵੰਡਦੇ
ਪਏ ਵਹਿੰਦੇ ਨਿੱਤ ਦਰਿਆ,
ਕਲ ਕਲ ਕਰਦੇ ਪਾਣੀਆਂ 
ਰੰਗ ਜੀਵਨ ਵਿੱਚ ਭਰਿਆ

ਆਣ ਹਵਾਵਾਂ ਚੁੰਮਦੀਆਂ
ਪਾਕ ਇਸ਼ਕ ਦਹਿਲੀਜ਼ ,
ਕਦ ਵਗਦਾ ਪੁਰਾ ਏ ਬੀਜ਼ਦਾ? 
ਨਫ਼ਰਤ ਰੂਪੀ ਬੀਜ਼

ਨਹੀਂ ਫਿਜ਼ਾ ਕਰੇਂਦੀ ਵਿਤਕਰੇ 
ਕਰੇ ਚਾਨਣ ਨਾ ਪੱਖਪਾਤ
ਕਿਰਨਾਂ ਕਦੋਂ ਨੇ ਪੁੱਛਦੀਆਂ?
ਆਦਮ ਦੀ ਕੋਈ ਜਾਤ

ਚੰਨ ਦੀਆਂ ਰਿਸ਼ਮਾਂ ਸਾਂਝੀਆਂ 
ਤੇ ਸਾਂਝੀ ਅੰਬਰ ਛੱਤ
ਪਰ ਧਰਤ ਤੇ ਪਾਵੇ ਵੰਡੀਆਂ 
ਇਹ ਮਾਨਸ ਤੇਰੀ ਮੱਤ

ਸਭ ਮਹਿਲ ਮੁਨਾਰੇ ਕੁੱਲੀਆਂ 
ਤੇਰੀ ਸੋਚ ਦਾ ਕੂੜ ਪਸਾਰ
ਇੱਕੋ ਜੋਤ ਚੋਂ ਉਪਜਦੈ
ਇਹ ਨਾਸ਼ਵਾਨ ਸੰਸਾਰ

ਗਹੁ ਨਾਲ ਬਹਿ ਕੇ ਸੋਚ ਤਾਂ 
ਕਿਉੌ ਝੜ ਝੜ ਜਾਵਣ ਪੱਤ
ਜਿਸ ਹੱਥ ਨਾਲ ਦਾਤਾ ਦੇਂਵਦਾ
ਲੈ ਜਾਂਦਾ ਉਸੇ ਹੱਥ

ਬਿਰਖਾਂ ਦੀਆਂ ਲੱਦੀਆਂ ਡਾਲੀਆਂ
ਫਲ ਬਖ਼ਸ਼ੇ ਸਿਰਜਣਹਾਰ
ਅੰਤ ਪੱਤਝੜ ਬਣਦਾ ਕਾਲ ਹੀ
ਰੁੱਸ ਜਾਏ ਬਸੰਤ ਬਹਾਰ

ਜੋ ਉਪਜਿਆ ਉਹ ਢਹਿ ਜਾਵਣਾ
ਭਾਂਡਾ ਘੜਿਆ ਜਾਣਾ ਭੱਜ, 
ਇਥੇ ਰੱਜ ਕੋਈ ਨਾ ਜੀਵਿਆ
ਨਾ ਜੀ ਕੇ ਆਇਆ ਰੱਜ

ਤੂੰ ਕਾਹਤੋਂ ਕਰੇ ਚਲਾਕੀਆਂ
ਕਿਸ ਗੱਲ ਦਾ ਕਰੇਂ ਹੰਕਾਰ, 
ਤੇਰੇ ਸਾਹ ਉਸ ਗਿਣ ਕੇ ਰੱਖ ਲਏ
ਤੇਰਾ ਦਿੱਤਾ ਮਹਿਲ ਉਸਾਰ

"ਦੀਪ ਦਰਾਜ਼ਕੇ" ਵਾਲਿਆ
ਸਭ ਖਿੜੀ ਹੋਈ ਗੁਲਜ਼ਾਰ, 
ਇਹ ਬਾਗ ਦਾਤੇ ਨੇ ਸਿਰਜਿਆ 
ਇਹਦਾ ਆਦਮ ਨਹੀਂ ਹੱਕਦਾਰ

       ਕੁਲਦੀਪ  ਦਰਾਜ਼ਕੇ

No comments:

Post a Comment