ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, June 27, 2020

ਅਨੰਤ ਭੀੜ ਕਿਤੇ ਆਪਣਾ ਨਹੀਂ ਮਿਲਦਾ - ਕ੍ਰਿਸ਼ਨ ਭਨੋਟ



 ਅਨੰਤ ਭੀੜ , ਕਿਤੇ ਆਪਣਾ ਨਹੀਂ ਮਿਲਦਾ ,
 ਤਣਾਅ ਤੋਂ ਮੁਕਤ ਜੁ , ਕੋਈ ਵੀ ਤਾਂ ਨਹੀਂ ਮਿਲਦਾ ।

 ਵਜੂਦ ਖਾ ਗਿਆ ਸਾਰਾ , ਮਹਾਂ ਨਗਰ ਉਸਦਾ ,
 ਕਿਸੇ ਸਮੇਂ ਸੀ ਜੁ ਏਥੇ , ਗਰਾਂ ਨਹੀਂ ਮਿਲਦਾ ।

 ਸਮੇਂ ਦੀ ਧੂੜ 'ਚ ਰੁਲਦੇ ਬਹੁਤ ਸਿਤਾਰੇ ਵੀ ,
 ਕਦੇ ਅਕਾਸ਼ ਤੇ ਪਰ ਚਮਕਣਾ ਨਹੀਂ ਮਿਲਦਾ

 ਅਜੀਬ ਬਾਗ਼ ਹੈ , ਇਸਦਾ ਅਜੀਬ ਮਾਲੀ ਹੈ ,
 ਕਿਸੇ ਕਲੀ ਨੂੰ ਕਦੇ , ਮਹਿਕਣਾ ਨਹੀਂ ਮਿਲਦਾ ।

 ਪਰੇ ਰਹੋ ਤੁਸੀਂ ਓ ਪੌਦਿਉ , ਇਦ੍ਹੀ ਛਾਂ ਤੋਂ ,
 ਕਿ ਬੋਹੜ ਹੇਠ ਤਾ ਮੌਲਣ ਨੂੰ ਥਾਂ ਨਹੀਂ ਮਿਲਦਾ ।

 ਰਹੋ ਖਮੋਸ਼ ਹੀ ਹੁਣ , ਹਰ ਸ਼ਰੀਫ਼ ਬੰਦੇ ਨੂੰ ,
 ਕਿਸੇ ਪਰ੍ਹਾ 'ਚ ਵੀ ਤਾਂ ਬੋਲਣਾ ਨਹੀਂ ਮਿਲਦਾ ।

 ਜੁ ਹੱਥ ਸਿਰਜਦੇ ਰਹਿੰਦੇ ਹਰੇਕ ਵਸਤ ਹੀ ਏਥੇ ,
 ਕਿਸੇ ਵੀ ਚੀਜ਼ ਤੇ ਉਹਨਾਂ ਦਾ ਨਾਂ ਨਹੀਂ ਮਿਲਦਾ ।

 ਇਹ ਗਿਆਨ ਕ੍ਰਿਸ਼ਨ ਵਿਰਾਸਤ ਮਨੁੱਖਤਾ ਦੀ ਹੈ ,
 ਕਿਸੇ ਜਮਾਤ ਲਈ ਇਹ ਰਾਖਵਾਂ ਨਹੀਂ ਮਿਲਦਾ।

No comments:

Post a Comment