ਬੀਤੇ ਸਮੇਂ ਦੀਆਂ ਯਾਦਾਂ ਜਦੋਂ ਵੀ ਦਿਮਾਗ ਵਿੱਚ ਘੁੰਮਦੀਆਂ ਨੇ ਤਾਂ ਫਿਰ ਤੋਂ ਉਹ ਅਭੁੱਲ ਘਟਨਾਵਾਂ ਯਾਦ ਆ ਹੀ ਜਾਂਦੀਆਂ ਹਨ।
ਇਹ ਘਟਨਾ ਮੇਰੇ ਬਚਪਨ ਦੀ ਹੈ ਜਿਸ ਨੂੰ ਮੈਂ ਕਦੇ ਵੀ ਨਹੀਂ ਭੁੱਲ ਸਕਦਾ
ਅਨਪੜ੍ਹਤਾ 'ਤੇ ਸਹੂਲਤਾਂ ਤੋਂ ਸੱਖਣੇ ਹੋਣ ਕਾਰਨ ਸਾਡੇ ਪਿੰਡ ਦੇ ਲੋਕ ਕਾਫੀ ਅੰਧ ਵਿਸ਼ਵਾਸੀ ਸਨ।ਕਿਸੇ ਦੇ ਘਰ ਵਿੱਚ ਜੇਕਰ ਵੱਡਾ ਬਜ਼ੁਰਗ ਮਰ ਜਾਣਾ ਤਾਂ ਉਸ ਦੀ ਯਾਦ ਵਿੱਚ ਘਰੇ ਹੀ ਚਾਰ ਇੱਟਾਂ ਲਾ ਕੇ ਮਟੀ ਬਣਾ ਦੇਣੀ।ਇਸ ਲਈ ਸਾਡੇ ਪਿੰਡ ਨੂੰ ਮਟੀਆਂ ਵਾਲਾ ਪਿੰਡ ਵੀ ਕਿਹਾ ਜਾਂਦਾ ਸੀ।ਪਿੰਡ ਵਿੱਚ ਅਜਿਹਾ ਕੋਈ ਦਰੱਖਤ ਨਹੀਂ ਸੀ, ਜਿਸ ਦੇ ਥੱਲੇ ਮਟੀ ਨਾ ਬਣੀ ਹੋਵੇ।ਮੈਂ ਉਸ ਸਮੇਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ ।ਪੜ੍ਹਨ ਵਿੱਚ ਤਾਂ ਮੈਂ ਬਹੁਤ ਨਾਲਾਇਕ ਸੀ। ਇਸ ਕਰਕੇ ਸਕੂਲ ਮੈਂ ਘੱਟ ਹੀ ਜਾਂਦਾ।ਸਕੂਲ ਦਾ ਕੰਮ ਨਾ ਕਰਨਾ ਤਾਂ ਡਰ ਰਹਿਣਾ ਕਿ ਮਾਸਟਰ ਜੀ ਨੇ ਸਕੂਲ ਵਿੱਚ ਕੁੱਟਣਾ। ਇਸ ਕਰਕੇ ਸਵੇਰੇ ਹੀ ਮੈਂ ਸਿਰ ਬੰਨ੍ਹ ਲੈਣਾ ਜਾਂ ਫਿਰ ਢਿੱਡ ਫੜ ਮੰਜੇ 'ਤੇ ਪੈ ਜਾਣਾ।
ਮੇਰੀ ਬੇਬੇ ਮੈਨੂੰ ਬਹੁਤ ਪਿਆਰ ਕਰਦੀ ਸੀ। ਮੈਨੂੰ ਕਦੇ ਵੀ ਬੇਬੇ ਨੇ ਝਿੜਕਿਆ ਨਹੀਂ ,ਬੇਬੇ ਹਮੇਸ਼ਾ ਮੇਰੇ ਪੱਖ ਵਿੱਚ ਹੀ ਗੱਲ ਕਰਦੀ,ਪਰ ਬਾਪੂ ਮੇਰੇ ਲੱਛਣਾਂ ਤੋਂ ਪੂਰਾ ਵਾਕਫ ਸੀ 'ਤੇ ਜਦੋਂ ਮੈਂ ਸਕੂਲ ਨਾ ਜਾਣ ਲਈ ਕੋਈ ਬਹਾਨਾ ਮਾਰਨਾ ਤਾਂ ਬਾਪੂ ਨੇ ਕਹਿਣਾ"ਦੇਖ ਕਿਵੇਂ ਖੇਖਣ ਕਰਦਾ" ਹਾਲੇ ਪਰਸੋਂ ਤੇਰਾ ਢਿੱਡ ਦੁੱਖਦਾ ਸੀ 'ਤੇ ਅੱਜ ਤੇਰਾ ਸਿਰ। ਚੱਲ ਮੇਰੇ ਨਾਲ ਡਾਕਟਰ ਦੇ ਦਵਾਈ ਦੁਆ ਕੇ ਤੈਨੂੰ ਸਕੂਲ ਛੱਡ ਕੇ ਆਵਾਂ।ਫਿਰ ਤਾਂ ਮੇਰੇ ਸਾਹ ਹੀ ਸੂਤੇ ਜਾਣੇ। ਇੱਕ ਤਾਂ ਮਾਸਟਰਾਂ ਦੀ ਕੁੱਟ 'ਤੇ ਦੂਜੀ ਡਾਕਟਰ ਦੀ ਜ਼ਹਿਰ ਵਰਗੀ ਦਵਾਈ 'ਤੇ ਫਿਰ ਰੋਣ ਹਾਕਾ ਮੂੰਹ ਕਰਕੇ ਮੈਂ ਬੇਬੇ ਦੀ ਬੁੱਕਲ ਵਿੱਚ ਜਾਂ ਬੈਠਣਾ।
ਬਾਪੂ ਨੇ ਫਿਰ ਕਹਿਣਾ, "ਨਿਹਾਲੋ ਛੇਤੀ ਤੋਰ ਇਹਨੂੰ" ਮੈਂ ਸ਼ਹਿਰ ਵੀ ਜਾਣਾ ਏ, ਪਰ ਬੇਬੇ ਨੂੰ ਤਾਂ ਪਤਾ ਸੀ ਮੇਰੀ ਬਿਮਾਰੀ ਦਾ ਤਾਂ ਬੇਬੇ ਨੇ ਬਾਪੂ ਨੂੰ ਕਹਿਣਾ, "ਤੁਸੀਂ ਜਾਓ ਸ਼ਹਿਰ" ਮੈਂ ਆਪੇ ਦਵਾਈ ਦੁਆ ਲਿਆਊਂਗੀ ਆਪਦੇ ਪੁੱਤ ਨੂੰ 'ਤੇ ਜਦੋਂ ਬਾਪੂ ਨੇ ਤੁਰ ਜਾਣਾ ਤਾਂ ਮੈਨੂੰ ਮੌਜਾਂ ਲੱਗ ਜਾਣੀਆਂ । ਸਾਰਾ ਦਿਨ ਹਰਲ ਹਰਲ ਕਰਦੇ ਨੇ ਫਿਰਨਾ।ਸਾਡੇ ਸਕੂਲ ਦੇ ਪਿੱਛੇ ਹੀ ਬਹੁਤ ਸਾਰੀਆਂ ਬੇਰੀਆਂ ਦਾ ਝੁੰਡ ਸੀ ਅਤੇ ਉੱਥੇ ਪੁਰਾਣੇ ਵੱਡ ਵਡੇਰਿਆਂ ਦੀ ਯਾਦ ਵਿੱਚ ਇੱਕ ਬਹੁਤ ਵੱਡੀ ਮਟੀ ਬਣਾਈ ਹੋਈ ਸੀ। ਜਿਸ ਨੂੰ ਸਾਰਾ ਪਿੰਡ "ਬੇਰੀਆਂ ਵਾਲੀ ਮਟੀ" ਹੀ ਆਖਦਾ।ਪਿੰਡ ਦੇ ਲੋਕ ਉਸ ਮਟੀ 'ਤੇ ਮਿਠਾਈਆਂ ਵਾਲੇ ਡੱਬੇ ਚੜ੍ਹਾਉਂਦੇ ਸਨ।ਮੇਰੇ ਨਾਲ ਮੇਰੇ ਤਿੰਨ ਦੋਸਤ ਹੋਰ ਹੁੰਦੇ ਸੀ 'ਤੇ ਅਸੀਂ ਜਦੋਂ ਵੀ ਕਦੇ ਕੋਈ ਮਠਿਆਈ ਵਾਲਾ ਡੱਬਾ ਦੇਖਣਾ ਤਾਂ ਅਸੀਂ ਚਾਰੇ ਦੋਸਤਾਂ ਨੇ ਰਲ ਕੇ ਖਾ ਜਾਣਾ।ਕਈ ਵਾਰ ਤਾਂ ਅਸੀਂ ਆਪਣੇ ਮਾਸਟਰਾਂ ਦੀ ਕੁੱਟ ਤੋਂ ਬਚਣ ਲਈ ਸਕੂਲੋਂ ਭੱਜ ਕੇ ਉਸ ਮਟੀ ਦੇ ਅੰਦਰ ਵੜ ਕੇ ਬੈਠੇ ਰਹਿਣਾ 'ਤੇ ਛੁੱਟੀ ਦੇ ਸਮੇਂ ਘਰ ਚਲੇ ਜਾਣਾ।ਭਾਵੇਂ ਅਸੀਂ ਪੰਜਵੀਂ ਕਲਾਸ ਵਿੱਚ ਹੋ ਗਏ ਸੀ, ਪਰ ਸਾਨੂੰ ਹਾਲੇ ਦੂਣੀ ਦਾ ਪਹਾੜਾ ਵੀ ਨਹੀਂ ਸੀ ਚੰਗੀ ਤਰ੍ਹਾਂ ਆਉਂਦਾ ਜਿਸ ਕਰਕੇ ਮਾਸਟਰ ਜੀ ਨੇ ਕੁੱਟਣਾ।
ਸਾਡੇ ਮਾਸਟਰ ਜੀ ਬਹੁਤ ਅੜਬ ਸੁਭਾਅ ਦੇ ਮਾਲਕ ਸੀ।ਹਰ ਸਮੇਂ ਹੱਥ ਵਿੱਚ ਡੰਡਾ ਰੱਖਦੇ।ਪਰ ਅੱਜ ਸਮਝ ਆਉਂਦੀ ਏ ਉਹ ਸਾਨੂੰ ਕਿਉਂ ਕੁੱਟਦੇ 'ਤੇ ਘੂਰਦੇ ਸਨ।ਜ਼ਿੰਦਗੀ ਦੇ ਔਖੇ ਰਾਹਾਂ ਨੂੰ ਵੀ ਆਸਾਨੀ ਨਾਲ ਸਰ ਕਰ ਜਾਈਦਾ ,ਇਹ ਸਿਰਫ ਉਨ੍ਹਾਂ ਦੀ ਹੀ ਦੇਣ ਹੈ।ਪਰ ਉਸ ਸਮੇਂ ਬੱਚੇ ਸੀ। ਇਹ ਗੱਲਾਂ ਸਮਝ ਤੋਂ ਬਾਹਰ ਸੀ 'ਤੇ ਮੈਂ ਉਨ੍ਹਾਂ ਦੇ ਡਰੋਂ ਸਕੂਲ ਘੱਟ ਹੀ ਵੜਦਾ।ਕਦੇ ਕਦੇ ਰਾਤ ਨੂੰ ਜਦੋਂ ਨੀਂਦ ਵਿੱਚ ਵੀ ਸਾਡੇ ਮਾਸਟਰ ਜੀ ਨੇ ਆ ਜਾਣਾ ਤਾਂ ਡਰ ਕੇ ਮੈਂ ਚੀਕਾਂ ਮਾਰਨ ਲੱਗ ਪੈਣਾ।ਜਦੋਂ ਮੈਂ ਸਕੂਲ ਦਾ ਕੰਮ ਨਾ ਕਰਕੇ ਲਿਆਉਣਾ ਤਾਂ ਮਾਸਟਰ ਜੀ ਨੇ ਮੁਰਗਾ ਬਣਾ ਕੇ ਪੂਰੇ ਸਕੂਲ ਦਾ ਚੱਕਰ ਲਗਵਾਉਣਾ।ਕਦੇ ਕਦੇ ਮੈਂ ਪ੍ਰਸ਼ਨਾਂ ਦੇ ਉੱਤਰ ਯਾਦ ਕਰ ਵੀ ਲੈਣ 'ਤੇ ਜਦੋਂ ਮਾਸਟਰ ਜੀ ਨੇ ਸੁਣਨੇ ਤਾਂ ਮੈਂ ਉਨ੍ਹਾਂ ਦੇ ਹੱਥ ਚ' ਫੜੇ ਡੰਡੇ ਨੂੰ ਦੇਖ ਕੇ ਸਾਰੇ ਪ੍ਰਸ਼ਨਾਂ ਦੇ ਉੱਤਰ ਭੁੱਲ ਜਾਣੇ 'ਤੇ ਫਿਰ ਉਹੀ ਡੰਡਾ ਆਣ ਮੇਰੀ ਢੂਈ 'ਤੇ ਵੱਜਣਾ।ਰਾਤ ਨੂੰ ਜਦੋਂ ਸੌਣਾ ਤਾਂ ਪੁੱਠੇ ਹੋ ਕੇ ਪੈਣਾ ਪੈਂਦਾ। ਮੰਜੇ ਉੱਤੇ ਢੋਈ ਨਹੀਂ ਸੀ ਲੱਗਦੀ।ਉਸ ਮਾਸਟਰ ਜੀ ਦੀ ਕੁੱਟ ਦਾ ਡਰ ਮੇਰੇ ਦਿਮਾਗ 'ਤੇ ਇਨਾਂ ਛਾ ਗਿਆ ਸੀ, ਕਿ ਮੈਂ ਹਰ ਰੋਜ਼ ਹੀ ਰਾਤ ਨੂੰ ਸੁੱਤਾ ਪਿਆ ਚੀਕਾਂ ਮਾਰਨ ਲੱਗ ਪੈਣਾ।ਚੀਕਾਂ ਮਾਰ ਮਾਰ ਮੈਂ ਸਾਰੇ ਆਂਢ ਗੁਆਂਢ ਨੂੰ ਜਗਾ ਦੇਣਾ। ਬੇਬੇ ਬਾਪੂ ਨੂੰ ਕੁਝ ਵੀ ਸਮਝ ਨਹੀਂ ਆ ਰਹੀ ਸੀ। ਡਾਕਟਰਾਂ ਕੋਲ ਵੀ ਲਿਜਾਂਦੇ ਰਹੇ ਪਰ ਕੋਈ ਫਰਕ ਨਾ ਪਿਆ। ਮੇਰੀ ਬੇਬੇ 'ਤੇ ਬਾਪੂ ਦੋਵੇਂ ਹੀ ਅਨਪੜ੍ਹ ਸਨ। ਜਿਸ ਕਰਕੇ ਉਹ ਬਹੁਤ ਵਹਿਮੀ ਸੀ। ਆਂਢ ਗੁਆਂਢ ਦੇ ਲੋਕਾਂ ਨੇ ਆ ਕੇ ਆਖਣਾ
"ਭਾਈ ਮੁੰਡੇ ਨੂੰ ਤਾਂ ਓਪਰੀ ਕਸਰ ਹੈ। ਇਹਨੂੰ ਤਾਂ ਬਾਬੇ ਰੋਡੇ ਸ਼ਾਹ ਕੋਲ ਲੈ ਕੇ ਜਾਵੋ 'ਤੇ ਕਿਸੇ ਨੇ ਆਖਣਾ ਆਪਣੇ ਪਿੰਡ "ਬੇਰੀਆਂ ਵਾਲੀ ਮਟੀ" 'ਤੇ ਮੱਥਾ ਟਿਕਾ ਕੇ ਲਿਆਵੋ ਜਿੰਨੇ ਮੂੰਹ ਓਨੀਆਂ ਗੱਲਾਂ। ਮੇਰੇ ਬੇਬੇ ਬਾਪੂ ਤਾਂ ਪਹਿਲਾਂ ਹੀ ਭੂਤਾਂ ਪ੍ਰੇਤਾਂ ਵਿੱਚ ਵਿਸ਼ਵਾਸ ਰੱਖਦੇ ਸਨ ਅਤੇ ਉੱਤੋਂ ਰਹਿੰਦੀ ਖੂੰਹਦੀ ਕਸਰ ਆਂਢ ਗੁਆਂਢ ਨੇ ਕੱਢ ਦਿੱਤੀ ,ਪਰ ਮੈਨੂੰ ਤਾਂ ਪਤਾ ਸੀ ਕਿ ਮੈਂ ਚੀਕਾਂ ਕਿਉਂ ਮਾਰਦਾ ਹਾਂ, ਪਰ ਜੇ ਮੈਂ ਦੱਸਦਾ ਤਾਂ ਮੈਂ ਹੀ ਫਸਦਾ। ਇਸ ਕਰਕੇ ਮੈਂ ਚੁਪ ਹੀ ਰਿਹਾ ਕਿ ਚਲੋ ਜਿੰਨੇ ਦੇਣਾ ਮਾਸਟਰਾਂ ਦੀ ਕੁੱਟ ਤੋਂ ਬਚਦੇ ਹਾਂ ਉਹੀ ਸਹੀ।
ਬੇਬੇ ਬਾਪੂ ਨੇ ਮੈਨੂੰ ਸਕੂਲ ਭੇਜਣਾ ਬੰਦ ਕਰ ਦਿੱਤਾ 'ਤੇ ਰੋਡੇ ਸ਼ਾਹ ਦੀਆਂ ਚੌਕੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ। ਰੋਡੇ ਸ਼ਾਹ ਨੇ ਤਾਂ ਹੱਦ ਹੀ ਕਰ ਦਿੱਤੀ "ਕਹਿੰਦਾ ਮੁੰਡੇ ਦੇ ਸਿਰ ਕਾਲੀ ਭੂਤਨੀ ਦਾ ਪਰਛਾਵਾਂ ਮੰਡਰਾ ਰਿਹਾ ਹੈ। ਪੂਰੇ ਦੋ ਹਫ਼ਤੇ ਉਹ ਤਾਂ ਮੇਰੇ ਸਿਰ ਸਵਾਹ ਹੀ ਪਾਉਂਦਾ ਰਿਹਾ।ਇਹ ਦੋ ਹਫਤੇ ਮੈਂ ਸਕੂਲ ਨਾ ਗਿਆ 'ਤੇ ਜਦੋਂ ਮੇਰੇ ਉਹ ਦੋਸਤ ਮੇਰਾ ਹਾਲ ਚਾਲ ਪੁੱਛਣ ਆਉਂਦੇ ਤਾਂ ਮੈਂ ਮਨ ਹੀ ਮਨ ਬੜਾ ਖੁਸ਼ ਹੋਣਾ 'ਤੇ ਕਹਿਣਾ ਕਿਉਂ ਵੱਜਦੇ ਨੇ ਡੰਡੇ.....ਇਹ ਸੁਣ ਕੇ ਉਨ੍ਹਾਂ ਨੇ ਮੂੰਹ ਸੁੱਟ ਲੈਣੇ।
ਕਾਫ਼ੀ ਚਿਰ ਮੈਂ ਆਪਣੇ ਮਾਸਟਰ ਜੀ ਦੀ ਸ਼ਕਲ ਨਾ ਦੇਖੀ 'ਤੇ ਫਿਰ ਮੈਂ ਰਾਤ ਨੂੰ ਚੀਕਾਂ ਮਾਰਨੋ ਵੀ ਹਟ ਗਿਆ।ਮੇਰੀ ਬੇਬੇ ਬਾਪੂ ਅਤੇ ਆਂਡ ਗੁਆਂਡ ਰੋਡੇ ਸ਼ਾਹ ਦੀ ਜੈ ਜੈ ਕਾਰ ਕਰਨ ਲੱਗ ਪਏ ।ਹੁਣ ਮੈਂ ਬਿਲਕੁਲ ਠੀਕ ਹੋ ਗਿਆ ਸੀ 'ਤੇ ਬਾਪੂ ਨੇ ਮੈਨੂੰ ਫਿਰ ਤੋਂ ਸਕੂਲ ਭੇਜਣਾ ਸ਼ੁਰੂ ਕਰ ਦਿੱਤਾ।ਸਕੂਲ ਵੜਦਿਆਂ ਹੀ ਫਿਰ ਉਹੀ ਮਾਸਟਰ ਜੀ 'ਤੇ ਉਨ੍ਹਾਂ ਦੇ ਹੱਥ ਚ ਫੜਿਆ ਡੰਡਾ।ਮੈਂ ਡਰਦਾ ਡਰਦਾ ਕਲਾਸ ਵਿੱਚ ਜਾ ਬੈਠਾ ਉਧਰੋਂ ਮਾਸਟਰ ਜੀ ਵੀ ਕਲਾਸ ਵੱਲ ਵਧੇ ਆ ਰਹੇ ਸੀ 'ਤੇ ਉਨ੍ਹਾਂ ਦੇ ਹੱਥ ਵਿੱਚ ਡੰਡਾ ਮੈਨੂੰ ਇਸ ਤਰ੍ਹਾਂ ਲੱਗਾ,ਜਿਵੇਂ ਮਾਸਟਰ ਜੀ ਦੇ ਹੱਥ ਵਿੱਚ ਡੰਡਾ ਨਾ ਹੋਵੇ ਸਗੋਂ ਲੋਹੇ ਦਾ ਤਿੱਖਾ ਟੋਕਾ ਫੜਿਆ ਹੋਵੇ।ਮੈਂ ਉਸ ਪਲ ਬਹੁਤ ਡਰ ਗਿਆ 'ਤੇ ਵਾਹੋ ਦਾਹੀ ਝੋਲਾ ਕਲਾਸ ਵਿੱਚ ਹੀ ਛੱਡ ਕੇ ਘਰ ਨੂੰ ਭੱਜ ਆਇਆ।ਉਸ ਦਿਨ ਮੈਨੂੰ ਕਾਫ਼ੀ ਬੁਖਾਰ ਚੜ੍ਹ ਗਿਆ ਸੀ ਅਤੇ ਫਿਰ ਤੋਂ ਰਾਤ ਨੂੰ ਉਹੀ ਚੀਕਾਂ ਸ਼ੁਰੂ ਹੋ ਗਈਆਂ।ਮੇਰੀ ਬੇਬੇ ਅਤੇ ਬਾਪੂ ਬਹੁਤ ਘਬਰਾ ਗਏ ਕਿ ਮੁੰਡੇ ਨੂੰ ਕੀ ਗੱਲ ਏ। ਆਂਢ ਗੁਆਂਢ ਦੇ ਕਹਿਣ 'ਤੇ ਹੁਣ ਮੈਨੂੰ "ਬੇਰੀਆਂ ਵਾਲੀ ਮਟੀ" 'ਤੇ ਮੱਥਾ ਟਿਕਾਉਣਾ ਸ਼ੁਰੂ ਕਰ ਦਿੱਤਾ ਗਿਆ।
ਇਸ ਤਰ੍ਹਾਂ ਫੇਰ ਕਈ ਦਿਨ ਚੱਲਦਾ ਰਿਹਾ।ਫਿਰ ਇੱਕ ਦਿਨ ਉਹ ਮੇਰੇ ਤਿੰਨੋਂ ਦੋਸਤ ਘਰ ਆਏ,ਤੇ ਆਉਣ ਸਾਰ ਉਨ੍ਹਾਂ ਨੇ ਮੈਨੂੰ ਇੱਕ ਖ਼ਬਰ ਸੁਣਾਈ ।ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਮੈਂ ਖ਼ੁਸ਼ੀ ਵਿੱਚ ਛਾਲਾਂ ਮਾਰਦਾ ਫਿਰਦਾ ਸੀ।ਅਸਲ ਵਿੱਚ ਗੱਲ ਇਹ ਸੀ ਕਿ ਸਾਡੇ ਉਹ ਮਾਸਟਰ ਜੀ ਰਿਟਾਇਰਡ ਹੋ ਗਏ ਸਨ।ਹੁਣ ਰਾਤ ਨੂੰ ਮੈਨੂੰ ਕਦੇ ਵੀ ਮਾਸਟਰ ਜੀ 'ਤੇ ਉਨ੍ਹਾਂ ਦਾ ਡੰਡਾ ਕਦੇ ਦਿਖਾਈ ਨਹੀਂ ਦਿੱਤਾ ਅਤੇ ਰਾਤ ਨੂੰ ਮੇਰੀਆਂ ਚੀਕਾਂ ਵੀ ਹਮੇਸ਼ਾ ਲਈ ਬੰਦ ਹੋ ਗਈਆਂ।ਹੁਣ ਮੈਂ ਚਾਈਂ ਚਾਈਂ ਸਕੂਲ ਜਾਣ ਲੱਗਾ ਅਤੇ ਇਧਰ ਮੇਰੇ ਬੇਬੇ ਬਾਪੂ 'ਤੇ ਆਂਢ ਗੁਆਂਢ ਦੀਆਂ ਕੁਝ ਬੁੜੀਆਂ ਉਸ "ਬੇਰੀਆਂ ਵਾਲੀ ਮਟੀ" ਅੱਗੇ ਮੱਥਾ ਟੇਕ ਰਹੇ ਸਨ ਅਤੇ ਹੁਣ ਵੀ ਇਹ ਸਾਰੀ ਕਰਾਮਾਤ ਉਸ "ਬੇਰੀਆਂ ਵਾਲੀ ਮਟੀ" ਦੀ ਸਮਝੀ ਜਾਂਦੀ ਹੈ।
95172-90006
No comments:
Post a Comment