ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 30, 2019

ਤਿਰੇ ਬੁੱਲ੍ਹਾਂ ਤੇ ਹਨ ਭਾਵੇਂ ਅਜੇ ਇਨਕਾਰ ਦੇ ਨਗ਼ਮੇਂ - Krishan Bhanot

ਤਿਰੇ ਬੁੱਲ੍ਹਾਂ ਤੇ ਹਨ ਭਾਵੇਂ ਅਜੇ ਇਨਕਾਰ ਦੇ ਨਗ਼ਮੇਂ ,
ਛਿੜੇ ਹੋਏ ਤਿਰੇ ਨੈਣਾਂ 'ਚ ਪਰ ਇਕ਼ਰਾਰ ਦੇ ਨਗ਼ਮੇ ।

ਥਿਰਕਦਾ , ਤਾਲ ਦਿੰਦਾ , ਪੈਲ਼ ਪਾਉਦਾ , ਝੂੰਮਦਾ ਰਹਿੰਦੈ ,
ਜਦੋਂ ਵੀ ਗੂੰਜਦੇ ਦਿਲ ਵਿਚ , ਮੁਹੱਬਤ ਪਿਆਰ ਦੇ ਨਗ਼ਮੇ ।

ਨਿਭਾਉਂਦੇ ਸਾਥ ਨੇ , ਲੋਰੀ ਤੋਂ ਲੈ ਕੇ ਮਰਸੀਏ ਤੀਕਰ ,
ਜਨਮ ਤੋਂ ਮਰਨ ਤਕ ਨੇ ਰੂਪ ਕੀ ਕੀ ਧਾਰਦੇ ਦੇ ਨਗ਼ਮੇ ।

ਲਿਖੇ ਜਾਂਦੇ ਰਹੇ ਨੇ ਯੋਧਿਆਂ ਦੀ ਜਿੱਤ ਦੇ ਮੁੱਢੋਂ ,
ਲਿਖੇ ਜਾਂਦੇ ਕਦੇ ਨਾ ਹਾਰਿਆਂ ਦੀ ਹਾਰ ਦੇ ਨਗ਼ਮੇ ।

ਮੁਹੱਬਤ ਵਿਚ ਤਾਂ ਖ਼ਾਮੋਸ਼ੀ ਵੀ ਨਗ਼ਮੇ ਛੇੜਦੀ ਦਿਲ ਵਿਚ ,
ਮੁਹੱਬਤ ਵਿਚ ਨ ਕੇਵਲ ਪਿਆਰ ਦੇ ਇਜ਼ਹਾਰ ਦੇ ਨਗ਼ਮੇ ।

ਇਹ ਦਿਲ ਦੇ ਜ਼ਖ਼ਮ , ਕੋਮਲ ਪੋਟਿਆਂ ਦੇ ਨਾਲ ਸਹਿਲਾਉਂਦੇ ,
ਫ਼ਹੇ ਰਖ ਰਖਕੇ ਜ਼ਖ਼ਮਾਂ ਤੇ ਨੇ ਦਿਲ ਨੂੰ ਠਾਰਦੇ ਨਗ਼ਮੇਂ ।

ਹਸੇ ਮਹਿਬੂਬ ਤਾਂ ਕਿਰਦੇ ਨੇ ਜੀਕਣ ਫ਼ੁੱਲ ਬੁੱਲ੍ਹਾਂ ਚੋਂ ,
ਜਦੋਂ ਉਹ ਬੋਲਦੈ ਤਾਂ ਛਿੜ੍ਹਨ ਜਿਉਂ ਇਕ਼ਰਾਰ ਦੇ ਨਗ਼ਮੇ ।

ਸੁਲਾਉਂਦੇ ਲੋਰੀਆਂ ਦੇ ਦੇ ਕੇ ਇਹ ਜ਼ਖ਼ਮੀ ਜੁਝਾਰਾਂ ਨੂੰ ,
ਤੇ ਰਣ-ਤੱਤੇ 'ਚ ਜੂਝਣ ਵਾਸਤੇ ਵੰਗਾਰਦੇ ਨਗ਼ਮੇਂ ।

ਲੰਘਾਂਦੇ ਪਾਰ ਤੂੰ , ਲੁੱਡਣ ਮਲਾਹ ਦੇ ਜਾ ਪਿਆ ਪੈਰੀਂ ,
ਜਦੋਂ ਰਾਂਝੇ ਸੁਣੇ ਮਿੱਠੇ ਝਨ੍ਹਾਂ ਤੋਂ ਪਾਰ ਦੇ ਨਗ਼ਮੇ ।

ਜੁ ਲੋਕਾਂ ਨਾਲ ਨੇ ਸ਼ਾਇਰ , ਉਹ ਗਾਉਂਦੇ ਦਰਦ ਲੋਕਾਂ ਦਾ ,
ਨ ਸੋਹਲੇ ਹਾਕਮਾਂ ਦੇ ਗਾਉਣ , ਨਾ ਸਰਕਾਰ ਦੇ ਨਗ਼ਮੇ ।

ਵਜਾਈ ਵੰਝਲੀ ਜਦ ਵੀ ਮੁਰਾਰੀ ਕ੍ਰਿਸ਼ਨ ਬੇਲੇ ਵਿਚ ,
ਤਾਂ ਪੁੱਜੀਆਂ ਗੋਪੀਆ ਸੁਣਕੇ ਮੁਲਾਹਜ਼ੇਦਾਰ ਦੇ ਨਗ਼ਮੇ

No comments:

Post a Comment