ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 30, 2019

ਮਸੀਹਾ ਪੀਰ ਪੈਗੰਬਰ ਮੁਸੱਵਰ ਜਾਂ ਨਬੀ ਬਣਨਾ - Krishan Bhanot

ਮਸੀਹਾ, ਪੀਰ, ਪੈਗੰਬਰ, ਮੁਸੱਵਰ, ਜਾਂ ਨਬੀ ਬਣਨਾ,=
ਕਿਸੇ ਵਿਰਲੇ ਨੇ ਹੈ ਵਿਦਵਾਨ,ਚਿੰਤਕ ਜਾਂ ਕਵੀ ਬਣਨਾ।

ਵਰ੍ਹੇ ਮਾਰੂਥਲੀ, ਹੰਝੂੰ ਬਣੇ, ਜਾਂ ਓਸ ਬਣ ਜਾਂਦੀ,
ਕਿ ਹਰ ਇਕ ਬੂੰਦ ਦੀ ਔਕਾਤ ਨਾ ਹੁੰਦੀ, ਨਦੀ ਬਣਨਾ।

ਸੜਨ ਆਪਸ ਚ, ਖਹਿ ਖਹਿਕੇ, ਬਥੇਰੇ ਬਾਂਸ ਜੰਗਲ ਦੇ,
ਨ ਹਰ ਇਕ ਬਾਂਸ ਦੀ ਪੋਰੀ ਨੇ ਹੁੰਦਾ, ਬੰਸਰੀ ਬਣਨਾ।

ਹਰਿਕ ਲੋਹੇ ਦੀ ਹੋਣੀ ਵੀ ਨਹੀਂ ਇੱਕੋ ਜਹੀ ਹੁੰਦੀ
ਕਿਸੇ ਨੇ ਢਾਲ ਬਣਨਾ ਹੈ, ਕਿਸੇ ਤੱਤੀ ਤਵੀ ਬਣਨਾ।

ਇਸਾਈ, ਸਿੱਖ, ਹਿੰਦੂ,ਪਾਰਸੀ, ਮੋਮਨ, ਬਣੀ ਜਾਂਦੇ,
ਨ ਹਰ ਇਕ ਸਖ਼ਸ਼ ਦੇ ਹਿੱਸੇ ਚ, ਹੁੰਦਾ ਆਦਮੀ ਬਣਨਾ।

ਇਨ੍ਹਾਂ ਨੂੰ ਕਹਿਣ ਦਾ ਅੰਦਾਜ਼ ਵੱਖਰੈ, ਸ਼ਬਦ ਇੱਕੋ ਨੇ,
ਕਿਸੇ ਨੇ ਗਾਲ਼ ਬਣ ਜਾਣੈਂ, ਕਿਸੇ ਨੇ ਸ਼ਾਇਰੀ ਬਣਨਾ।

ਕਦੋਂ ਉਹ ਜਾਣਦਾ ਹੁੰਦੈ ਜਦੋਂ ਬੁਣਦਾ ਹੈ ਕਾਰੀਗਰ
ਕਿ ਉਸ ਬਸਤਰ ਨੇ ਬਣਨਾ ਹੈ ਕਫ਼ਣ ਜਾਂ ਫਿਰ ਵਰੀ ਬਣਨਾ।

ਸਦਾ ਮਨ ਦੀ ਅਵਸਥਾ ਹੀ, ਕਰੇ ਕਿਰਦਾਰ ਨਿਰਧਾਰਤ,
ਕਰਨ ਹਾਲਾਤ ਇਹ ਨਿਰਣਾ, ਕਿਸੇ ਬੰਦੇ ਨੇ, ਕੀ ਬਣਨਾ।

ਉਹ ਗੋਰੀ ਹੈ ਕਿ ਕਾਲੀ ਹੈ ਕਿ ਪੀਲੇ ਰੰਗ ਦੀ ਚਮੜੀ,
ਇਨ੍ਹਾਂ ਦੇ ਵਸਲ ਨੇ ਤਾਂ ਕ੍ਰਿਸ਼ਨ ਜਸ਼ਨਾਂ ਦੀ ਘੜੀ ਬਣਨਾ।

No comments:

Post a Comment