ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 6, 2019

ਨਾਨਕ ਦਾ ਫੁਰਮਾਨ ਭੁਲਾਇਆ ਦੁਨੀਆਂ ਨੇ - ਜਸਵੀਰ ਸੋਹਲ

ਨਾਨਕ ਦਾ ਫੁਰਮਾਨ ਭੁਲਾਇਆ ਦੁਨੀਆਂ ਨੇ,
ਬਾਣੀ ਦਾ ਕੋਈ ਸਾਰ ਨਾ ਪਾਇਆ ਦੁਨੀਆਂ ਨੇ।
ਮਾਨਵਤਾ ਦੇ ਮਜ਼ਹਬ ਦਾ ਕੋਈ ਅਰਥ ਨਹੀਂ,
ਆਪਣਾ ਆਪਣਾ ਧਰਮ ਬਣਾਇਆ ਦੁਨੀਆਂ ਨੇ।
ਕੁਦਰਤ ਦੀ ਹਰ ਸ਼ੈਅ ਵਿੱਚ ਕਾਦਰ ਹਾਜ਼ਰ ਹੈ,
ਮੰਦਰਾਂ ਵਿੱਚ ਹੀ ਰੱਬ ਬਿਠਾਇਆ ਦੁਨੀਆਂ ਨੇ।
ਬੰਦਿਆਂ ਅੰਦਰ ਵਸਦਾ ਰੱਬ ਨਾ ਦਿਸਦਾ ਹੈ,
ਪੱਥਰਾਂ ਸਨਮੁੱਖ ਸੀਸ ਝੁਕਾਇਆ ਦੁਨੀਆਂ ਨੇ।
ਅਨਹਦ ਨਾਦ ਹੈ ਸੁਣਦਾ,ਦਸਮ ਦੁਆਰ ਜਿੱਥੇ,
ਵੱਖਰਾ ਹੀ ਕੋਈ ਸ਼ਬਦ ਸੁਣਾਇਆ ਦੁਨੀਆਂ ਨੇ।
ਸਤਿਗੁਰ ਮਨ ਦੇ ਭਰਮ-ਭੁਲੇਖੇ ਮੇਟ ਗਿਆ,
ਕਰਮਾਂ ਕਾਂਡਾਂ ਵਿੱਚ ਉਲਝਾਇਆ ਦੁਨੀਆਂ ਨੇ।
ਦਸ ਨਹੁੰਆਂ ਨਾਲ ਕਿਰਤ ਕਮਾਈ ਕਰਨੀ ਸੀ,
ਵਿਹਲੇ ਬਹਿ ਕੇ ਕੱਲ੍ਹਿਆਂ ਖਾਇਆ ਦੁਨੀਆਂ ਨੇ।
ਪਵਨ ਗੁਰੂ ਹੈ, ਪਿਤਾ ਹੈ ਪਾਣੀ ,ਧਰਤੀ ਮਾਂ,
ਸਭਨਾਂ ਦਾ ਸਤਿਕਾਰ ਮਿਟਾਇਆ ਦੁਨੀਆਂ ਨੇ।
ਧੁਰ ਕੀ ਬਾਣੀ ਗਾਈ ਪਿਆਰੇ ਸਤਿਗੁਰ ਨੇ,
ਦੁਨੀਆਂ ਵਾਲਾ ਰਾਗ ਹੀ ਗਾਇਆ ਦੁਨੀਆਂ ਨੇ।
✍️ ਜਸਵੀਰ ਸੋਹਲ

No comments:

Post a Comment