ਕਿਸ ਵਿੱਚ ਜੁੱਰਤ ਖੋਹਵੇ ਸਾਥੋਂ ਯਾਰੋ ਸਾਡਾ ਅੰਬਰ
ਪਿੰਜਰੇ ਦਾ ਕੀ ਖੋਫ਼ ਅਸਾਨੂੰ ਨਾ ਦਹਿਲਾਵੇ ਖ਼ੰਜਰ
ਜਿਸਮ ਹੈ ਭਾਵੇਂ ਰੇਤ ਦਾ ਸਾਡਾ ਵੇਖ ਤੂੰ ਇਹ ਵੀ ਜੇਰਾ
ਤੈਰ ਕੇ ਕਰਨੈ ਪਾਰ ਅਸਾਂ ਨੇ ਬਣ ਕੇ ਲਹਿਰ ਸਮੁੰਦਰ
ਜਿਸਨੂੰ ਬਾਹਰ ਲਭਦਾ ਫਿਰਦੈ ਜੰਗਲ, ਬੇਲੇ, ਪਰਬਤ
ਅੰਗ-ਸੰਗ ਉਹ ਤੇਰੇ ਹਰਦਮ ਵੇਖ ਤੂੰ ਆਪਣੇ ਅੰਦਰ
ਚਾਰ ਦਿਸ਼ਾ ਜੋ ਚਾਨਣ ਵੰਡੇ ਖ਼ੁਦ ਭੋਗੇ ਹੈ ਨ੍ਹੇਰਾ
ਫ਼ਰਜ਼ ਨਿਭਾਵੇ ਦੀਵਾ ਆਪਣਾ ਕਰਮ ਨੂੰ ਮਨ ਮੁਕਦਰ
ਰਾਹ ਦਿਸੇਰੇ ਵੰਡਣ ਵਹਿਸ਼ਤ ਨਫ਼ਰਤ ਦੇ ਵਣਜਾਰੇ
ਇਹੋ ਅਗਨੀ ਸਾੜ ਨਾ ਦੇਵੇ ਇਕ ਦਿਨ ਉਹਨਾਂ ਦਾ ਘਰ
ਪਿੰਜਰੇ ਅੰਦਰ ਜੀਵਨ ਸਾਰਾ ਜਿਸ ਪੰਛੀ ਦਾ ਲੰਘਿਐ
ਖੰਭ ਖਿਲਾਰਨ ਭੁੱਲ ਗਿਆ ਹੈ ਵਿੱਚ ਓੁਹ ਨੀਲੇ ਅੰਬਰ
ਕੈਸਾ ਸੰਕਟ ਹੈ ਅਨਜਾਨੇ ਪੈੜ ਪੈੜ ਤੇ ਮੇਰੀ
ਦਰਪਣ ਦਰਪਣ ਦਰਪਣ ਦਰਪਣ ਪੱਥਰ ਪੱਥਰ ਪੱਥਰ
ਤੇਜਿੰਦਰ ਸਿੰਘ ਅਨਜਾਨਾ
No comments:
Post a Comment