ਦੌਲਤ, ਸ਼ੌਹਰਤ ਰੱਜ ਕੇ ਲੁੱਟੀ,
ਨੀਅਤ ਫਿਰ ਵੀ ਭਰੀ ਨਾ ਮੇਰੀ।
ਸੂਰਤ ਤੋਂ ਨਹੀਂ ਲੱਗਦਾ ਖੋਟਾ,
ਸੀਰਤ ਤਾਂ ਪਰ ਖਰੀ ਨਾ ਮੇਰੀ।
ਮਨ ਦਾ ਮਿਰਗ ਤਾਂ ਭਟਕੀ ਜਾਵੇ,
ਹੋਈ ਤ੍ਰਿਸ਼ਨਾ ਬਰੀ ਨਾ ਮੇਰੀ ।
ਲਾਲਚ ਤੇ ਹੰਕਾਰ 'ਚ ਡੁੱਬੀ
ਕਿਸ਼ਤੀ ਕਦੇ ਵੀ ਤਰੀ ਨਾ ਮੇਰੀ।
ਹੋਰ ਕਿਸੇ ਨੂੰ ਵੇਖ ਕੇ ਖਾਂਦਾ
ਕਦੇ ਤਬੀਅਤ ਜਰੀ ਨਾ ਮੇਰੀ।
ਰੱਜ ਕੇ ਜ਼ੁਲਮ ਕਮਾਏ ਭਾਂਵੇਂ
ਰੂਹ ਦੀ ਅੱਗ ਤਾਂ ਠਰੀ ਨਾ ਮੇਰੀ।
ਦੁਨੀਆਂ ਬੇਸ਼ੱਕ ਮਰਦੀ ਮਰ ਜੇ
ਅੱਖ ਕਿਸੇ ਲਈ ਵਰ੍ਹੀ ਨਾ ਮੇਰੀ।
ਪਤਾ ਜੋ ਬੀਜਿਆ ਵੱਢਣਾ ਪੈਣਾ
ਤਾਂ ਵੀ ਏ ਜਿੰਦ ਡਰੀ ਨਾ ਮੇਰੀ।
ਸਾਕ ਸਬੰਧੀ ਉਹੀਓ ਮੇਰੇ
ਜਿੰਨ੍ਹਾਂ ਬਾਝੋਂ ਸਰੀ ਨਾ ਮੇਰੀ।
ਪਤਾ ਹੈ ਜੱਗ ਤੋਂ ਜਾਣਾ ਪੈਣਾ
ਵਿਛਣੀ ਕੀ ਦੱਸ ਦਰੀ ਨਾ ਮੇਰੀ??
ਬੇਸ਼ੱਕ ਕੁਝ ਵੀ ਰਿਹਾ ਨਾ ਪੱਲੇ,
ਮੈਂ ਵਿੱਚ ਮੈਂ ਤਾਂ ਮਰੀ ਨਾ ਮੇਰੀ।
*ਰਵੀ ਆਲਮ ਸ਼ਾਹ* ਤਾਂ ਵੀ ਮੂੰਹ'ਤੇ
ਕਿਸੇ ਬੁਰਾਈ ਕਰੀ ਨਾ ਮੇਰੀ।
..... ਰਵੀ ਆਲਮ ਸ਼ਾਹ ਵਾਲਾ...
.....9814016421....
No comments:
Post a Comment