ਅਸੀ ਕਿੱਕਰਾਂ ਦੇ ਫੁੱਲ
ਯਾਰ ਹਵਾ ਦੇ ਪੁਰਾਣੇ,
ਵੱਖ ਰੁੱਖਾਂ ਨਾਲੋਂ ਹੋ ਕੇ
ਬੜੀ ਦੂਰ ਦੇ ਟਿਕਾਣੇ।
ਅਸੀਂ ਖੋਲਿਆਂ ਚ' ਸੁੱਟੇ
ਭੱਜੇ ਕੁੱਜਿਆਂ ਦੇ ਵਾਂਗ,
ਅਸੀ ਬੇਰੀਆਂ ਦੇ ਪੱਤੇ
ਲੋਕਾਂ ਝੰਬ ਸੁੱਟ ਜਾਣੇ।
ਅਸੀਂ ਉਡਦੀਆਂ ਧੂੜਾਂ
ਅਸੀਂ ਟਿਬਿੱਆਂ ਦੇ ਰੇਤੇ,
ਅਸੀਂ ਵਾਂਗ ਫਕੀਰਾਂ
ਪਾਟੇ ਕੱਪੜੇ ਪੁਰਾਣੇ।
ਅਸੀਂ ਮੜੀਆਂ ਮਸੀਤਾਂ ਉੱਤੇ
ਬਲਦੇ ਚਿਰਾਗ,
ਅਸੀਂ ਸੁੱਕੇ ਦਰਿਆ
ਸਾਡੇ ਦੁੱਖ ਕਿੰਨ ਜਾਣੇ।
ਅਸੀਂ ਸਿੰਬਲਾਂ ਦੇ ਰੁੱਖ
ਕਦੇ ਦੱਸੀਏ ਨਾਂ ਦੁੱਖ,
ਅਸੀਂ ਭੱਠੀਆਂ ਚੋਂ ਬਾਹਰ
ਡਿਗੇ ਅੱਧ ਭੁੱਜ ਦਾਣੇ।
ਅਸੀਂ ਮੜੀਆਂ ਤੇ ਰੱਖੇ
ਬੁਝੇ ਦੀਵਿਆਂ ਦੇ ਵਾਂਗ,
ਅਸੀਂ ਬੰਜਰ ਜਮੀਨਾਂ ਉੱਤੇ
ਰੁੱਖ ਹਾਂ ਪੁਰਾਣੇ।
ਅਸੀਂ ਰੱਕੜਾਂ ਬਰੇਤਿਆਂ ਤੇ
ਉੱਗੇ ਸਰਕੰਡੇ,
ਅਸੀਂ ਥੋਹਰਾਂ ਕੰਡਿਆਲੀਆਂ ਦੇ
ਫੁੱਲ ਹਾਂ ਨਿਮਾਣੇ।
ਅਸੀਂ ਪਿੱਛੇ ਰਹਿ ਗਏ ਪੰਛੀਂ
ਮੁੜ ਡਾਰਾਂ ਚੋਂ ਨਾਂ ਰਲੇ,
ਸਾਨੂੰ ਰੁੱਖਾਂ ਵਿੱਚ ਦੀਹਦੇ
ਤੇਰੇ ਨਕਸ਼ ਪੁਰਾਣੇ।
...ਰਣਬੀਰ ਬਡਵਾਲ
No comments:
Post a Comment